ਮਾਂ ਬੋਲੀ ਦਾ ਸਤਿਕਾਰ -ਮਲਕੀਅਤ ਸਿੰਘ “ਸੁਹਲ’
Posted on:- 09-06-2015
ਸੱਚ ਪੁੱਛੋ ! ਤਾਂ ਆਪਣੇ ਜੰਮਿਆਂ ਨੇ,
ਮਾਂ ਬੋਲੀ ਦਾ ਨਹੀਂ ਸਤਿਕਾਰ ਕੀਤਾ।
ਮਾਂ ਬੋਲੀ ਦਾ ਦਰਜਾ ਹੈ ਮਾਂ ਵਰਗਾ,
ਜਿਹੜੀ ਬੱਚਿਆਂ ਵਾਂਗਰਾਂ ਪਾਲਦੀ ਰਹੀ।
‘ਊੜਾ’ ਉੱਠ ਸਵੇਰੇ ਇਸ਼ਨਾਨ ਕਰ ਲੈ,
ਅੰਮ੍ਰਿਤ ਵੇਲੇ ਹੀ ਵਾਕ ਉਚਾਰਦੀ ਰਹੀ।
ਬਾਣੀ ਗੁਰਮੁਖ਼ੀ ਵਿੱਚ ਹਾਂ ਨਿੱਤ ਪੜ੍ਹਦੇ,
ਆਪਣੇ ਸ਼ਬਦਾਂ ਵਿੱਚ ਹੀ ਢਾਲਦੀ ਰਹੀ।
ਪੰਜਾਬੀ ਮਾਂ ਦਾ ਰੁੱਤਬਾ ਹੈ ਬੜਾ ਉੱਚਾ,
ਗਲ ਲਾ ਕੇ ਹੀ ਸਾਨੂੰ ਪਿਆਰਦੀ ਰਹੀ।
ਸਾਡੇ ਗੁਰੂਆਂ ਤੇ ਪੀਰਾਂ ਪੈਗੰਬਰਾਂ ਨੇ,
ਰੂਪ ਏਸ ਦਾ ਉਹਨਾਂ ਸਾਕਾਰ ਕੀਤਾ।
ਸੱਚ ਪੁੱਛੋ ! ਤਾਂ ਆਪਣੇ ਜੰਮਿਆਂ ਨੇ,
ਮਾਂ ਬੋਲੀ ਦਾ ਨਹੀਂ ਸਤਿਕਾਰ ਕੀਤਾ।
ਆਪਣੀ ਬੋਲੀ ਹੀ ਆਪਣੀ ਮਾਂ ਹੁੰਦੀ,
ਜ੍ਹਿਦਾ ਕਰਜ਼ ਨਾ ਕੋਈ ਉਤਾਰ ਸਜਦਾ।
ਜਿਹੜਾ ਮਾਂ ਦੀ ਗਾਲ ਹੀ ਖਾ ਲਊਗਾ,
ਉਹ ਫਿਰ ਕਿਸੇ ਦਾ ਕੀ ਸਵਾਰ ਸਕਦਾ।
ਆਪਣੀ ਮਾਂ ਤੋਂ ਬੋਲੀ ਹੈ ਅਸਾਂ ਸਿੱਖੀ,
ਆਪਣੇ ਆਪ ਨਾ ਕੋਈ ਉਚਾਰ ਸਕਦਾ।
ਜਿਸ ਨੇ ਆਪਣੀ ਮਾਂ ਦਾ ਦੁੱਧ ਪੀਤਾ,
ਉਹਨੂੰ ਕੋਈ ਵੀ ਨਹੀਂ ਵੰਗਾਰ ਸਕਦਾ।
ਲੂਣਾਂ ਵਰਗੀਆਂ ਮਾਵਾਂ ਨੇ ਹੋਰ ਬੜੀਆਂ,
ਕਈ ਤਰ੍ਹਾਂ ਦਾ ਉਹਨਾਂ ਸ਼ਿੰਗਾਰ ਕੀਤਾ।
ਸੱਚ ਪੁੱਛੋ! ਸਰਕਾਰਾਂ ਦੇ ਰਹਿਬਰਾਂ ਨੇ,
ਮਾਂ ਬੋਲੀ ਦਾ ਨਹੀਂ ਸਤਿਕਾਰ ਕੀਤਾ।
‘ਐੜਾ ਅੰਬ ਤਾਂ ਬੰਬ ਵੀ ਬਣ ਸਕਦਾ,
ਪਰ ਬੰਬ ! ਦੂਜੀ ਭਾਸ਼ਾਵਾਂ ਦੇ ਬੋਲਦੇ ਨੇ।
ਮਤਰੇਈ ਮਾਂ ਵਰਗੀ ਜਿਹੜੀ ਹੋਏ ਭਾਸ਼ਾ,
ਉਸ ਨੂੰ ਬੋਲਦੇ ਵੀ ਲੋਕੀਂ ਡੋਲਦੇ ਨੇ।
ਵਲੈਤੀ ਬੋਲੀਆਂ ਨੇ ਸਾਡੀ ਮੱਤ ਮਾਰੀ,
ਮਿੱਠਾ ਜ਼ਹਿਰ ਕਿਉਂ ਦੁਧ ‘ਚ ਘੋਲਦੇ ਨੇ।
ਹੈਲੋ-ਹੈਲੋ ਤੇ ਡਾਰਲਿੰਗ ਕਹਿਣ ਵਾਲੇ,
ਕਿਹੜੇ ਛਾਬੇ ‘ਚ ਇਸ ਨੂੰ ਤੋਲਦੇ ਨੇ।
ਘੇਰਾ ਘੱਤ ਕੇ ਦੂਜੀਆਂ ਬੋਲੀਆਂ ਨੇ,
ਪੰਜਾਬੀ ਬੋਲੀ ਨੂੰ ਬੜਾ ਖੁਆਰ ਕੀਤਾ।
ਚਲੋ ਪੁੱਛੋ! ਕਨੂੰਨ ਦੇ ਘਾੜਿਆਂ ਨੂੰ,
ਜਿਨ੍ਹਾਂ ਮਾਂ ਦਾ ਨਹੀਂ ਸਤਿਕਾਰ ਕੀਤਾ।
ਆਪਣੀ ਮਾਂ ਦੇ ਜਾਏ ਜੇ ਭੁੱਲ ਬੈਠੇ,
ਤਾਂ ‘ਕੱਲੀ ਮਾਂ ਹੀ ਕੀਰਨੇ ਰਹੂ ਪਉਂਦੀ।
ਆਂਕਲ,ਆਂਟੀਆਂ ਨੇ ਕਿਵੇਂ ਰਾਜ ਕਰਨਾ,
ਸਾਡੀ ਬੋਲੀ ਨਹੀਂ ਉਨ੍ਹਾਂ ਦੇ ਮੰਨ ਭਉਂਦੀ।
ਚੁੰਨੀ, ਸੂਟ, ਸਲਵਾਰ ਦਾ ਗਿਆ ਫੈਸ਼ਨ,
ਨਾ ਕੋਈ ਭੈਣ ਸੁਹਾਗ ਦੇ ਗੀਤ ਗਉਂਦੀ।
ਭੈਣ ਵੀਰ ਇਕ ਦੂਜੇ ਨੂੰ ਯਾਰ ਕਹਿੰਦੇ,
ਮਾਤਾ ਪਿਤਾ ਤੋਂ ਕੋਈ ਨਾ ਸ਼ਰਮ ਅਉਂਦੀ।
“ਸੁਹਲ” ਮਾਂ ਬੋਲੀ ਤੋਂ ਜੋ ਦੂਰ ਹੋ ਗਏ,
ਉਹਨਾਂ ਲੇਖ਼ਕਾਂ ਨੂੰ ਵੀ ਸ਼ਰਮਸ਼ਾਰ ਕੀਤਾ।
ਉਹਨਾਂ ਕੀ ਕਰਨਾ ਆਪਣੀ ਕੌਮ ਖਾਤਰ,
ਜ੍ਹਿਨਾਂ ਮਾਂ ਦਾ ਨਹੀਂ ਸਤਿਕਾਰ ਕੀਤਾ।
ਸੰਪਰਕ: +91 98728 48610