ਸਿਰਨਾਵਾਂ - ਹਰਜਿੰਦਰ ਸਿੰਘ ਗੁਲਪੁਰ
Posted on:- 05-06-2015
ਰੁੱਖ ਜੜ੍ਹਾਂ ਤੋਂ ਹਿੱਲ ਜਾਂਦੇ, ਜਦ ਚਲਦਾ ਜ਼ੋਰ ਹਵਾਵਾਂ ਦਾ,
ਲਿਖਿਆ ਹੈ ਪੰਜਾਬ ਦੇ ਮੱਥੇ, ਦੁਖੜਾ ਪੰਜ ਦਰਿਆਵਾਂ ਦਾ।
ਧੁੱਪ ’ਚ ਫੁੱਲ ਕੁਮਲਾਂਦੇ ਨੇ, ਪਰ ਖਿੜਦੀ ਬੜੀ 'ਦੁਪਹਿਰ ਖਿੜੀ'
ਅੱਗ ਦੇ ਹੇਠਾਂ ਪਲਦੀਆਂ ਨੇ, ਪਰ ਚਰਚਾ ਨੰਨੀਆਂ ਛਾਵਾਂ ਦਾ।
ਪਾਰਜਾਤ ਦੇ ਫੁੱਲ ਲੈਣ ਲਈ ,ਬੜੇ ਸਵਰਗ ਸਿਧਾਰ ਗਏ,
ਮੁੜ ਕੇ ਆ ਗਏ ਧਰਤੀ ਉੱਤੇ ਧਾਰ ਕੇ ਭੇਸ "ਬੁਲਾਵਾਂ" ਦਾ।
ਸੂਰਜ ਦਾ ਸਿਰਨਾਵਾਂ ਲੱਭਦੇ, ਨੇਰ੍ਹੇ ਵਿਚ ਗਵਾਚ ਗਏ,
ਮਾਰ ਬੈਟਰੀ ਪੁਛਦੇ ਨਾਂਅ , ਹੁਣ, ਡੁੱਬਣ ਲੱਗੇ ਗਰਾਵਾਂ ਦਾ।
ਖੁੱਲਾ ਰੱਸਾ ਛੱਡ ਛੱਡ ਕੇ ਜੋ ਸਾਰੀ ਉਮਰ ਲੰਘਾ ਦਿੰਦੇ,
ਸੌ ਹੱਥ ਰੱਸਾ ਬਾਲ ਕੇ ਕਹਿੰਦੇ,ਸਾਰਾ ਦੋਸ਼ ਇਛਾਵਾਂ ਦਾ।
ਮਨ ਵਿੱਚ ਭਰ ਕੇ ਰੱਖਿਆ ਹੋਇਆ ਚੇਤਾ ਇੱਕ ਯਤੀਮਾਂ ਨੇ,
ਯੁੱਧ ਲੜਨ ਲਈ ਕੰਮ ਆਉਗਾ ਕਦੇ ਭਰੋਸਾ ਮਾਵਾਂ ਦਾ।
ਦਿਲਬਰੀਆਂ ਦੇ ਜਾਲ ਵਿਛਾਉਂਦੇ, ਕੋਹਾਂ ਵਿੱਚ ਗੁਆਚ ਗਏ,
ਤੋੜਨ ਦੇ ਲਈ ਜ਼ੋਰ ਲਗਾਉਂਦੇ, ਘੇਰਾ ਸਾਡੀਆਂ ਬਾਹਵਾਂ ਦਾ।
ਗੱਲ ਚਲਦੀ ਜਦ ਮਹਿਫਲ ਦੇ ਵਿੱਚ ਇੱਕ ਦੋ ਮਰਦ ਦਲੇਰਾਂ ਦੀ
ਉਸ ਵਿਚ ਚਰਚਾ ਹੁੰਦਾ ਮਿੱਤਰਾ ਤੇਰੇ ਮੇਰੇ ਨਾਵਾਂ ਦਾ।
ਕਵਿਤਾ ਖੁੱਲ ਖੁੱਲ ਜਾਂਦੀ ਹੈ, ਜਦ ਕੋਸ਼ਿਸ਼ ਕਰਦੇ ਬੰਨਣ ਦੀ,
ਧਰਤੀ ਉੱਤੇ ਖੁੱਲ ਜਾਂਦਾ ਹੈ,ਦਿੱਤਾ ਪੁੜਾ ਦੁਆਵਾਂ ਦਾ।
ਛਪਦਾ ਛਪਦਾ ਛਪ ਜਾਂਦਾ ਹੈ 'ਗਾਂਧੀ' ਦਾ ਸਿਰਨਾਵਾਂ ਵੀ,
ਨਹੀਂ ਛਪਦਾ ਤਾਂ ਨਹੀਂ ਛਪਦਾ ਹੈ, ਕਿੱਸਾ ਔਖੇ ਸਾਹਵਾਂ ਦਾ।
ਸੱਜਣ ਵੀ ਅੱਜ ਚੇਤਾ ਭੁੱਲ ਗਏ,ਦੇ ਕੇ ਬਦ ਅਸੀਸਾਂ ਨੂੰ,
ਚੇਤਾ ਅਜੇ ਵੀ ਆ ਈ ਜਾਂਦਾ, ਫੜੀਆਂ ਹੋਈਆਂ ਰਾਹਵਾਂ ਦਾ।
ਸੰਪਰਕ: +91 0061 469 976214