ਸਤਨਾਮ ਪਾਲੀਆ ਦੀ ਇੱਕ ਕਾਵਿ-ਰਚਨਾ
Posted on:- 04-06-2015
ਹਰ ਰਿਸ਼ਤੇ ਨੂੰ ਮਿਣਦੀ ਦੁਨੀਆਂ
ਦੌਲਤ ਦੇ ਪੈਮਾਨੇ ਨਾਲ
ਨੰਹੁ ਮਾਸ ਤੇ ਲਹੂ ਨਾ
ਹੁਣ ਕੋਈ ਬਹੁਤਾ ਮਤਲਬ ਰੱਖਦੇ ਨੇ
ਮਾੜੇ ਦੇ ਨਾਲ ਨੇੜੇ ਦੀ ਵੀ
ਰਿਸ਼ਤੇਦਾਰੀ ਲੁਕੋ ਲੈਂਦੇ
ਤਕੜੇ ਦੇ ਨਾਲ ਦੂਰ ਦਾ ਨਾਤਾ
ਢੋਲ ਵਜਾ ਕੇ ਦੱਸਦੇ ਨੇ
ਤਕੜੇ ਦੇ ਕੁੱਤੇ ਦੀ ਲੱਤ ਟੁੱਟ ਜਾਵੇ
ਪਿੰਡ ਰੋਂਦਾ ਹੈ
ਅੱਖਾਂ ਨੂੰ ਥੁੱਕ ਲਾਕੇ
ਉਸ ਨੂੰ ਵਗਦੇ ਹੰਝੂ ਦੱਸਦੇ ਨੇ
ਮਾੜੇ ਦੇ ਤਾਂ ਮਰਦੇ ਦੇ
ਕੋਈ ਮੂੰਹ ਵਿੱਚ ਪਾਣੀ ਪਾਉਂਦਾ ਨਹੀਂ
ਵੇਖ ਨਿਕਲਦੀ ਜਾਨ ਓਸ ਦੀ
ਪਾਸੇ ਵੱਟ ਵੱਟ ਨੱਸਦੇ ਨੇ
ਤਕੜੇ ਦੀ ਧੀ ਉੱਧਲੀ ਨੂੰ
ਫੈਸ਼ਨ ਦੀ ਚਾਦਰ ਢੱਕ ਲੈਂਦੀ
ਮਾੜੇ ਦੀ ਧੀ ਕਾਲਜ ਜਾਂਦੀ
ਨੂੰ ਵੀ ਤਾਅਨੇ ਕਸਦੇ ਨੇ
ਤਕੜੇ ਦੀ ਤੀਵੀਂ ਨੂੰ
ਹਰ ਕੋਈ ਆਖ ਬੁਲਾਵੇ ਬੀਬੀ ਜੀ
ਮਾੜੇ ਦੀ ਨੂੰ ਛੋਟੇ ਵੱਡੇ
ਸਾਰੇ ਭਾਬੀ ਦੱਸਦੇ ਨੇ
ਡੁੱਬਦਾ ਸੂਰਜ ਵੇਖਕੇ
ਸਾਰਾ ਪਿੰਡ ਬੂਹੇ ਢੋ ਲੈਂਦਾ ਏ
ਚੜ੍ਹਦੇ ਨੂੰ ਇਹ ਨਿਮ ਨਿਮ ਕੇ
ਸਿਜਦੇ ਕਰਦੇ ਨਾ ਥੱਕਦੇ ਨੇ
ਏਥੇ ਲੋਕੀਂ ਭਰੀਆਂ ਜੇਬਾਂ ਨੂੰ
ਕਹਿੰਦੇ "ਜੀ ਆਇਆੰ ਨੂੰ"
ਤੇਰੇ ਵਰਗੇ ਨੰਗ ਪਾਲੀਏ
ਹੋਰ ਬਥੇਰੇ ਵਸਦੇ ਨੇ
ਸੰਪਰਕ: +91 95016 35200