ਜੂਨ ਚੁਰਾਸੀ -ਐੱਸ ਸੁਰਿੰਦਰ
      
      Posted on:-  03-06-2015
      
      
      								
				   
                                    
      
ਜੂਨ ਮਹੀਨਾ ਫੇਰ ਦੁਬਾਰਾ ਆਇਆ ਹੈ 
ਦਿਲ ਮੇਰੇ ਨੇ ਗੀਤ ਉਦਾਸਾ ਗਾਇਆ ਹੈ 
ਬੇਦੋਸ਼ਾ ਕੋਈ ਮੋਇਆ ਮੇਰੀ ਅੱਖ਼ ਅੰਦਰ 
ਜਾਗ ਹੰਝੂ ਦਾ ਜਿਸ ਨੇ ਮੈਨੂੰ ਲਾਇਆ ਹੈ ।
ਜੂਨ ਮਹੀਨਾ ਫੇਰ !
ਲੱਗੇ ਜ਼ਖ਼ਮ ਜਿਗਰ ’ਤੇ ਕੀਕਣ ਧੋਵਾਂਗੇ 
ਕਿਸ ਨੂੰ ਦੁੱਖ ਸੁਣਾਈਏ,ਕਿੱਥੇ ਰੋਵਾਂਗੇ 
ਹਮਸਾਏ ਨੇ ਐਸਾ ਜ਼ੁਲਮ ਕਮਾਇਆ ਹੈ ।
ਜੂਨ ਮਹੀਨਾ ਫੇਰ !
ਐਸ ਫੱਟ ਨੇ ਹਰਦਮ ਰਿਸਦੇ ਰਹਿਣਾ ਹੈ 
ਐਸ ਦਰਦ ਨੇ ਸੋਚਾਂ ਅੰਦਰ ਵਹਿਣਾ ਹੈ 
ਦੀਵਾ ਰੰਝ ਦਾ ਮੱਥੇ ਕਿਸੇ ਟਿਕਾਇਆ ਹੈ ।
ਜੂਨ ਮਹੀਨਾ ਫੇਰ !
ਬੁੱਕਲ ਦਿਆਂ ਸੱਪਾਂ ਨੇ ਸਾਨੂੰ ਮਾਰ ਲਿਆ
ਗੈਰਤ ਵਾਲਾ ਜਾਨ ਹੱਸ ਕੇ ਵਾਰ ਗਿਆ
ਦੇ ਕੇ ਫੇਰ ਹਲੂਣਾ ਕਿਸੇ ਜਗਾਇਆ ਹੈ ।
ਜੂਨ ਮਹੀਨਾ ਫੇਰ !
                             
ਸੁਰਿੰਦਰ ਕਾਲੇ ਬੱਦਲ ਹਾਲੇ ਮੁੱਕੇ ਨਹੀਂ
ਅੱਖੀਆਂ ਵਿੱਚੋਂ ਰੱਤੜੇ ਹੰਝੂ ਸੁੱਕੇ ਨਹੀਂ
ਕੱਲਿਆਂ ਤੁਰਨਾ ਪੈਣਾ ਯਾਰ ਪਰਾਇਆ ਹੈ ।
ਜੂਨ ਮਹੀਨਾ ਫੇਰ !