ਗ਼ਜ਼ਲ- ਸ਼ਮਸ਼ੇਰ ਸਿੰਘ ਸੰਧੂ
Posted on:- 27-05-2015
ਧੀਆਂ ਤੇ ਪੁੱਤ ਦੋਵੇਂ ਖ਼ੁਸ਼ੀਆਂ ਦਾ ਹਨ ਖ਼ਜ਼ਾਨਾ
ਧੀਆਂ ਨੂੰ ਜਾਣ ਮਾੜਾ ਪਿੱਛੇ ਨਾ ਸੁੱਟ ਨਦਾਨਾ।
ਜੀਵਨ ਦੀ ਬਣਤ ਐਸੀ ਧੀਆਂ ਨੂੰ ਤੋਰ ਦੇਣਾ
ਆਪੇ ਹੀ ਜੋੜ ਹੱਥੀਂ ਦੇਣਾ ਲੁਟਾ ਖ਼ਜ਼ਾਨਾ।
ਖੰਬਾਂ ਦੇ ਹੇਠ ਪਾਲਣ ਪੰਛੀ ਤੇ ਬੱਚਿਆਂ ਨੂੰ
ਮਾਰਨ ਉਹ ਜਦ ਉਡਾਰੀ ਭਾਲਣ ਨਵਾਂ ਟਿਕਾਨਾ
ਧੀਆਂ ਨੂੰ ਤੋਰ ਹੱਥੀਂ ਖ਼ੁਸ਼ੀਆਂ ਖਲਾਰ ਦੇਈਏ
ਜੀਵਨ ਦਾ ਹੋਰ ਅੱਗੇ ਚਲਦਾ ਹੈ ਇੰਝ ਫਸਾਨਾ।
ਨੌਹਾਂ ਤੋਂ ਮਾਸ ਜੀਕਣ ਟੁੱਟਦਾ ਨਹੀਂ ਕਦੇ ਵੀ
ਸਾਂਝਾਂ ਇਹ ਮਾਣ ਯਾਰਾ ਸਾਂਝਾਂ ਹੀ ਹਨ ਜ਼ਮਾਨਾ।
ਪਹੀਏ ਨੇ ਦੋਇ ਜਿਸਤੇ ਚਲਦਾ ਜਹਾਨ ਸਾਰਾ
ਜੀਵਨ ਰੰਗੀਨ ਕਰਦੇ ਚੋਬਰ ਤੇ ਰਲ ਰਕਾਨਾ।
ਹੱਥੀਂ ਵਿਆਹ ਕੇ ਨੌਹਾਂ ਧੀਆਂ ਦੇ ਵਾਂਗ ਪਾਲੀਂ
ਗ਼ਰਜ਼ਾਂ ਤਿਆਗ ਸੱਭੇ ਸਾਂਝਾਂ ਬਣਾ ਨਿਸ਼ਾਨਾ।