ਦਿੱਲੀ ਦੇ ਲਾਟ - ਹਰਜਿੰਦਰ ਸਿੰਘ ਗੁਲਪੁਰ
Posted on:- 26-05-2015
ਨਜੀਬ ਜੰਗ ਨੇ ਮੋਦੀ ਦੀ ਖੁਸ਼ੀ ਉੱਤੋਂ,
ਪੂਰੇ ਦੇਸ਼ ਦੇ ਹਿਤਾਂ ਨੂੰ ਵਾਰਿਆ ਸੀ।
ਮਿਲੀ ਅਹੁਦੇ ਦੀ ਏਸ ਬਖਸ਼ੀਸ਼ ਵਾਲਾ,
ਸਿਰੋਂ ਰਾਜਸੀ ਕਰਜ ਉਤਾਰਿਆ ਸੀ,
ਲੱਗੀ ਹੋਈ ਇਨਸਾਫ਼ ਦੀ ਜੰਗ ਅੰਦਰ,
ਨੈਤਿਕ ਮੁੱਲਾਂ ਨੂੰ ਜੰਗ ਨੇ ਹਾਰਿਆ ਸੀ।
ਖਾਸ ਰੰਗ ਵਿਚ ਦਿੱਲੀ ਨੂੰ ਡੋਬਣੇ ਲਈ,
ਮੰਤਰ ਨਮੋ ਦਾ ਮੂੰਹੋਂ ਉਚਾਰਿਆ ਸੀ।
ਲੋਕਤੰਤਰ ਦੀ ਬਲਦੀ ਹੋਈ ਲਾਸ਼ ਉੱਤੇ,
ਉਹਨੇ ਛਿੱਟਾ ਪਟਰੌਲ ਦਾ ਮਾਰਿਆ ਸੀ।
ਲੋਕ ਰਾਇ ਦੇ ਜਿਸਮ ਨੂੰ ਅੱਗ ਲਾ ਕੇ,
ਫਾਸ਼ੀਵਾਦ ਦਾ ਕਾਲਜਾ ਠਾਰਿਆ ਸੀ।
ਚਾਪਲੂਸੀ ਦੇ ਬੁਰਜ ਤੇ ਖੜਾ ਹੋ ਕੇ,
ਲੋਕ ਰਾਇ ਨੂੰ ਫੇਰ ਲਲਕਾਰਿਆ ਸੀ।
ਮਰਜ਼ੀ ਨਾਲ ਸੰਵਿਧਾਨ ਦੇ ਅਰਥ ਕਰਕੇ,
ਉਹਨੂੰ ਖਿੱਦੋ ਦੇ ਵਾਂਗ ਖਲਾਰਿਆ ਸੀ।
ਜੱਗੋਂ ਤੇਹਰਵੀਂ ਦੇਖ ਕੇ ਮੁਨਸਿਫਾਂ ਨੇ,
ਮਰਜ਼ੀ ਕਰਨ ਤੋਂ ਕੇਂਦਰ ਨੂੰ ਟੋਕ ਦਿੱਤਾ,
ਦਬਕਾ ਮਾਰ ਕੇ ਦਿੱਲੀ ਦੇ ਲਾਟ ਤਾਂਈ,
'ਰਾਮਕਾਰ' ਨੂੰ ਲੰਘਣ ਤੋਂ ਰੋਕ ਦਿੱਤਾ
ਸੰਪਰਕ: 0061 469 976214