ਮੌਸਮ ਏਦਾਂ ਦਾ ਹੈ - ਅਮਰਜੀਤ ਟਾਂਡਾ
Posted on:- 24-05-2015
ਮੌਸਮ ਏਦਾਂ ਦਾ ਹੈ ਪੱਤਝੜ ਲੰਬੀ ਬਹਾਰ ਤੋਂ
ਫਿਰ ਵੀ ਆਏ ਨੇ ਫੁੱਲ ਵਿਕਣੇ ਤੇਰੇ ਸ਼ਹਿਰ ਤੋਂ
ਤੇਰੇ ਵਾਂਗ ਟੁਰ ਤੇਰੀ ਕਹਾਣੀ ਦੁਹਰਾਂਦੇ ਰਹੇ
ਕਿੰਝ ਹੱਸਦੇ ਨੱਚਦੇ ਲੰਘਣਾ ਹੈ ਅੰਗਿਆਰ ਤੋਂ
ਹਿੱਕ 'ਚ ਹੀ ਡੁਬੋ ਲਏ ਬਚੇ ਸਾਰੇ ਤੀਰ
ਲਿਖਣ ਲਈ ਡੁਬੋਈ ਕਲਮ ਲਹੂ ਦੀ ਧਾਰ ’ਚੋਂ
ਐਵੇਂ ਨਾ ਅਜ਼ਮਾ ਬੈਠੀ ਸ਼ੌਂਕ ਰਾਹਾਂ ਵਿਚ
ਜ਼ਖ਼ਮੀ ਨੇ ਭਾਵੇਂ ਰੁੱਖ਼ ਨਹੀਂ ਡਰਦੇ ਤਲਵਾਰ ਤੋਂ
ਖ਼ੰਜ਼ਰ ਹੋਇਆ ਪਿਆਸਾ ਤਾਂ ਇੱਕ ਦੇ ਜਾਵੀਂ
ਸਲੀਬ ਤੇ ਜਾਣਾ ਹੈ ਰੱਖਣ ਲੈ ਕੇ ਯਾਰ ਤੋਂ
ਲੋਕ ਤਾਂ ਦੁਪਹਿਰ ਨੂੰ ਵੀ ਨਹੀਂ ਦਿਲ ਖ਼ੋਲਦੇ
ਹਾਉਕੇ ਜੇਹੇ ਖ਼ਰੀਦ ਲਿਔਂਦੇ ਨੇ ਬਜ਼ਾਰ ਤੋਂ
ਤੇਰੇ ਕਹਿਣ ਨਾਲ ਨਹੀਂ ਇਹ ਬੱਦਲ ਪਾਟਣੇ
ਲਿਸ਼ਕ ਮੰਗਣੀ ਪੈਣੀ ਗੜ੍ਹੀ ਦੀ ਤਲਵਾਰ ਤੋਂ