ਆਖਰੀ ਪੜਾ -ਰੁਪਿੰਦਰ ਸੰਧੂ
Posted on:- 15-05-2015
ਜ਼ਿੰਦਗੀ
ਰੇਤ ਵਾਂਗ ਹਥਾਂ ਵਿਚੋਂ
ਕਿਰਦੀ ਜਾ ਰਹੀ ਹੈ
ਜਿਵੇਂ ਹਥਾਂ ਵਿਚ ਪਕੜਨ ਦੀ ਸ਼ਕਤੀ
ਮੁੱਕ ਰਹੀ ਹੋਵੇ
ਬੜਾ ਕੁਝ ਅਧੂਰਾ ਪਿਆ ਹੈ
ਬੜਾ ਕੁਝ ਕਰਨਾ ਬਾਕੀ ਹੈ
ਸੋਚ ਸੋਚ ਵਿਚ ਬੜਾ ਵਕ਼ਤ ਗੁਜ਼ਰ ਗਿਆ
ਕੁਝ ਕਰਨ ਦੀ ਸੋਚ
ਤੇ
ਫਿਰ ਕੁਝ ਗਵਾਚਣ ਦੇ ਡਰ ਨੇ
ਪੈਰ ਜਿਵੇਂ ਚਿਕੜ ਵਿਚ ਖੁਭਾ ਦਿਤੇ ਹੋਣ
ਬੜੀ ਕੋਸ਼ਿਸ਼ ਕੀਤੀ ਛੇਤੀ ਕਰਨ ਦੀ
ਜ਼ਿਮੇਵਾਰੀਆਂ ਰੂਪੀ ਚਿਕੜ ਦਾ ਢੇਰ ਪੈਰ ਜਕੜੀ ਬੈਠਾ ਹੈ
ਹਿਮਤ ਕਰਕੇ ਜਦੋਂ ਵੀ ਪੈਰ ਖਿਚਣ ਦੀ ਸੋਚੀ
ਮੋਚ ਜਿਹੀ ਪੈ ਗਈ
ਪੀੜ ਹੋਈ
ਤਕਲੀਫ਼ ਸਹੀ
ਫਿਰ ਮੁੜ-ਮੁੜ
ਦੋੜਨ ਦੀ ਜਦੋ-ਜੇਹਦ
ਘੁਮਣ ਘੇਰੀ ਵਿਚ ਫਸੇ ਮਨੁਖ ਵਾਂਗਰ
ਗੋਲ-ਗੋਲ ਘੁਮੀ ਜਾਨੇ ਹਾਂ
ਘੁਮ-ਘੁਮਾ ਕੇ ਮੁੜ ਓਥੇ ਹੀ ਆ ਜਾਂਦੀ ਹੈ ਸੋਚ
ਜਿਥੋਂ ਸ਼ੁਰੁਆਤ ਸੋਚੀ ਸੀ
ਥਕ ਹਾਰ ਕੇ ਮਨੁਖ
ਹੋਂਸਲਾ ਫਿਰ ਵੀ ਨਹੀ ਛਡਦਾ
ਤੇ ਇਸੇ ਘੁਮਨ੍ਘੇਰੀ ਵਿਚ
ਕਦੋਂ ਹਥ ਬੂਢ਼ੇ ਹੋ ਗਏ
ਕਮਜ਼ੋਰ ਹੋ ਗਏ
ਪਤਾ ਵੀ ਨਾ ਚਲਿਆ
ਹੁਣ ਤਾ ਇਹ ਹਾਲ ਹੈ
ਰੇਤ ਜਿਹੀ ਨਿਕੀ ਜਿਹੀ ਚੀਜ਼
ਵੀ ਹਥਾਂ ਵਿਚੋਂ ਕਿਰੀ ਜਾ ਰਹੀ ਹੈ
ਕੰਬਦੇ ਹਥ
ਥਿੜਕਦੇ ਪੈਰ
ਹਵਾ ਦੇ ਬੁਲ੍ਹੇ ਤੋਂ ਵੀ ਡਰਦੀ ਰੂਹ
ਇਹੀ ਤਾਂ ਬਚਿਆ ਹੈ ਹੁਣ
ਜ਼ਿੰਦਗੀ ਦਾ ਆਖਰੀ ਪੜਾ ਏਹੋ ਜਿਹਾ ਹੀ ਹੁੰਦਾ ?