ਫਿਰ ਰਾਤ ਗ਼ਮਾਂ ਦੀ ਆਈ ਹੈ –ਐੱਸ. ਸੁਰਿੰਦਰ
Posted on:- 13-05-2015
ਫਿਰ ਰਾਤ ਗ਼ਮਾਂ ਦੀ ਆਈ ਹੈ
ਹੰਝੂਆਂ ਨੇ ਮਹਿਫ਼ਲ ਲਾਈ ਹੈ
ਅੰਬਰ ਦਾ ਟੁੱਟਿਆ ਤਾਰਾ ਹੈ
ਮੇਰੀ ਲੁੱਟੀ ਅੱਜ ਖ਼ੁਦਾਈ ਹੈ
ਫਿਰ ਰਾਤ ਗ਼ਮਾਂ ਦੀ ਆਈ ਹੈ
ਅਸੀਂ ਜੋਬਨ ਰੁੱਤੜੀ ਮੋਏ ਹਾਂ
ਅਸੀਂ ਕੱਖ ਗਲੀ ਦੇ ਹੋਏ ਹਾਂ
ਰੱਬਾ! ਮੌਤੋਂ ਵੱਧ ਜੁਦਾਈ ਹੈ ,
ਫਿਰ ਰਾਤ ਗ਼ਮਾਂ ਦੀ ਆਈ ਹੈ
ਕਾਂ ਕੋਠੇ ’ਤੇ ਕੁਰਲਾਇਆ ਨਾ
ਮਾਹੀ ਦਾ ਸੁਨੇਹਾ ਆਇਆ ਨਾ
ਬਿਰਹਣ ਦੀ ਯਾਦ ਰਸਾਈ ਹੈ ,
ਫਿਰ ਰਾਤ ਗ਼ਮਾਂ ਦੀ ਆਈ ਹੈ
ਰੋ-ਰੋ ਕੇ ਵਕਤ ਲੰਘਾਉਂਦੇ ਹਾਂ
ਯਾਦਾਂ ਨੂੰ ਅਰਗ ਚੜਾਉਂਦੇ ਹਾਂ
ਭੱਠਿਆਰਨ ਜਿੰਦ ਹਢਾਈ ਹੈ
ਫਿਰ ਰਾਤ ਗ਼ਮਾਂ ਦੀ ਆਈ ਹੈ
ਸੁਰਿੰਦਰ ਦੁਸ਼ਮਣ ਸਾਰੇ ਨੇ
ਜੱਗ ਭੈੜੇ ਕਹਿਰ ਗੁਜ਼ਾਰੇ ਨੇ
ਅੱਖਾਂ ’ਚੋਂ ਨੀਂਦਰ ਗੁਆਈ ਹੈ
ਫਿਰ ਰਾਤ ਗ਼ਮਾਂ ਦੀ ਆਈ ਹੈ ।