ਸ਼ਿਵ ਨੂੰ ਯਾਦ ਕਰਦਿਆਂ. . . - ਵਰਗਿਸ ਸਲਾਮਤ
Posted on:- 12-05-2015
ਸ਼ਿਵ ਨੂੰ ਯਾਦ ਕਰਦਿਆਂ
ਯਾਦ ਆ ਗਿਆ ਸ਼ਿਕਰਾ ਯਾਰ
ਜੋ ਪਰਵਤਨਾਂ ‘ਚ ਰੋਜ਼ੀ ਰੋਟੀ ਲਈ
ਡੰਗ-ਢਪੋਰੀ ਕਰਦਾ
ਨਹੀN ਪਹੂੰਚ ਪਾਊਂਦਾ
ਮਾਂ ਦੇ ਸ਼ਿਵਿਆਂ ‘ਚ
ਸ਼ਿਵ ਨੂੰ ਯਾਦ ਕਰਦਿਆਂ
ਮ੍ਰਿਗ ਤ੍ਰਿਸ਼ਨਾ ਜਿਹੇ ਭੁਲੇਖੇ ਪੈਂਦੇ
ਮੱਝੀਆਂ, ਗਾਵਾਂ ਤੇ ਬੇਲਿਆਂ ਦੇ
ਭੱਠੀਆਂ, ਦਾਣਿਆਂ ਤੇ ਪਰਾਗਿਆਂ ਦੇ
ਜੋ ਪੀੜਾਂ ਬਣ ਦਫਨ ਹੋ ਗਏ
ਵਿਰਸੇ ਦੇ ਕਬਰਸਤਾਨ ‘ਚ
ਸ਼ਿਵ ਨੂੰ ਯਾਦ ਕਰਦਿਆਂ
ਜਜ਼ਬਾਤ ਵਹਿ ਜਾਂਦੇ
ਰੁੱਖਾਂ ਨਾਲ ਧੀਆਂ ਪੁੱਤਰਾਂ ਦੇ ਸਾਖ
ਭੈਣ ਭਰਾਵਾਂ ਜਿਹੀਆਂ ਬਾਹਾਂ
ਜੋ ਹੁਣ ਰੁੱਖਾਂ ਵਾਂਗ ਹੀ
ਕਟਦੇ ,ਵਢਦੇ ਅਤੇ ਘਟਦੇ ਜਾ ਰਹੇ
ਸ਼ਿਵ ਨੂੰ ਯਾਦ ਕਰਦਿਆਂ
ਸੋਚ ਦਾ ਮੀਟਰ ਗ਼ਮਾਂ ਦੀ ਰਾਤ ਨੂੰ
ਹਾਥ ਪਾਉਣ ਦੀ ਕੋਸ਼ਿਸ਼ ‘ਚ
ਗ਼ੁਰਬਤ ਤੇ ਕਿਸਾਨੀ ਦੀ ਨਾਕਾਮੀ
ਕਰਜੇ ਦੀਆਂ ਪੰਡਾਂ ਨਾ ਮੁੱਕਣੀ ਕਾਲੀ ਰਾਤ
ਕਿਵੇਂ ਗਲੇ ‘ਚ ਫਾਹਾ ਬਣਦੀ ਜਾ ਰਹੀ
ਸ਼ਿਵ ਨੂੰ ਯਾਦ ਕਰਦਿਆਂ
ਅੱਖਾਂ ਦੇ ਅੱਥਰੂ ਰੋਕਿਆਂ ਵੀ ਨਾ ਰੁੱਕਦੇ
ਜਦੋਂ ਗੋਰੀ ਮਾਂ ਦੇ ਜਾਏ
ਨਸ਼ਿਆਂ ‘ਚ ਗ਼ਲਤਾਨ
ਗਲੀਆਂ- ਨਾਲੀਆਂ ‘ਚ ਰੁਲਦੇ ਮਿਲਦੇ
ਤੇ ਮਾਂਵਾਂ ਰਾਹਾਂ ਵੇਖਦੀਆਂ ਰਿਹ ਜਾਂਦੀਆਂ
ਸ਼ਿਵ ਨੂੰ ਯਾਦ ਕਰਦਿਆਂ
ਲੂਣਾ ਦੀਆਂ ਹਾਵਾਂ ਲੂੰਕੰਡੇ ਖੜੇ ਕਰ ਜਾਦੀਆਂ
ਸ਼ਾਲਾ ! ਖੁਦਾ ਕਰੇ
ਬਸ ਹਾਣ ਨੂੰ ਹਾਣ ਪਿਆਰਾ
ਪਰ ਅੱਜ ਵੀ ਧਰਮੀ ਬਾਬਲ
ਕੁਝ ਛਿਲੜਾਂ ਖਾਤਿਰ ਲੜ ਲਾ ਰਹੇ ਕੁਮਲਾਏ ਫੁੱਲ
ਸ਼ਿਵ ਨੂੰ ਯਾਦ ਕਰਦਿਆਂ
ਯਾਦ ਆਈਆਂ ਕੰਡਿਆਲੀਆਂ ਥੋਹਰਾਂ, ਭਖੜੇ
ਜੋ ਸ਼ਹਿਰੀਕਰਨ ਤੇ ਮੰਡੀਕਰਨ ਦੀ ਦੌੜ ‘ਚ
ਥੋਹਰਾਂ ਵਰਗੇ ਲੋਕਾਂ ਦੇ ਗਮਲਿਆਂ ਦਾ
ਸ਼ਿੰਗਾਰ ਬਣ ਕੇ ਰਿਹ ਗਈਆਂ
ਸ਼ਿਵ ਨੂੰ ਯਾਦ ਕਰਦਿਆਂ
ਨਜ਼ਰਾਂ ਅੱਗ ਆ ਖੜਦੇ ਨੇ
ਉਹ ਨਵੇਕਲੇ ਬਿੰਬ, ਪ੍ਰਤੀਕ ਅਤੇ ਅਲੰਕਾਰ
ਜੋ ਹਰ ਕਾਵਿ ਕਲ਼ਮ ਲਈ
ਮੀਲ ਪੱਥਰ ਬਣਕੇ ਖੜੀ ਹੈ ਕਾਵਿ ਸਫਰ ‘ਚ
ਸ਼ਿਵ ਨੂੰ ਯਾਦ ਕਰਦਿਆਂ
ਯਾਦ ਆਇਆ
ਪੀੜਾਂ ਦਾ ਪਰਾਗਾ
ਮੈਨੂੰ ਵਿਦਾ ਕਰੋ
ਆਰਤੀ
ਲਾਜ਼ਵੰਤੀ
ਆਟੇ ਦੀਆਂ ਚਿੜੀਆਂ
ਮੈਂ ਤੇ ਮੈਂ
ਦਰਦਮੰਦਾਂ ਦੀਆਂ ਆਂਹੀ
ਲੂਣਾ
ਅਲਵਿਦਾ ਅਤੇ
ਬਿਰਹਾ ਤੂੰ ਸੁਲਤਾਨ ਜਿਹੇ
ਸ਼ਬਦ ਸਮੁੰਦਰ ਦੇ ਟਾਪੂ
ਜਿੱਥੇ ਹਰ ਲੇਖਕ ਅਤੇ ਪਾਠਕ
ਉਤਰਨ ਲਈ ਤਿਆਰ ਰਹਿੰਦਾ ਹੈ
ਸੰਪਰਕ: +91 98782 61522