ਧਰਤੀ ਦੇ ਵਾਰਸਾ - ਹਰਜਿੰਦਰ ਸਿੰਘ ਗੁਲਪੁਰ
Posted on:- 12-05-2015
ਤੈਨੂੰ ਛੱਜ ਚ ਪਾਕੇ ਛੱਟਿਆ,
ਤੇ ਮੰਦਾ ਕੀਤਾ ਹਾਲ,
ਜੱਟਾ ਮੰਡੀ ਅੰਦਰ ਰੁਲਦਿਆ,
ਉਠ ਆਪਣੀ ਪੱਗ ਸੰਭਾਲ।
ਵਹੀਆਂ ਦੇ ਵਿਚ ਕੈਦ ਹੈ,
ਤੇਰਾ ਘੁੱਗ ਵਸਦਾ ਸੰਸਾਰ,
ਤੂੰ ਤੋੜ ਕੇ ਧਾਗੇ ਵਹੀ ਦੇ,
ਦੇਹ ਲੋਹੜੀ ਉਹਦੀ ਬਾਲ।
ਮਾਰ ਨਾ ਹੋਰ ਟਪੂਸੀਆਂ,
ਨਾ ਭੇਡੂ ਬਣ ਕੇ ਨਚ,
ਤੈਨੂੰ ਘੋਲਾਂ ਦਾ ਪਿੜ ਡੀਕਦਾ,
ਚੱਲ ਲਾ ਪਟੜੀ ਦੀ ਛਾਲ।
ਲਾ ਲਾਰਾ ਤੈਨੂੰ ਛੱਤ ਦਾ,
ਤੇਰਾ ਝੁੱਗਾ ਕੀਤਾ ਚੌੜ,
ਹੋਏ ਦੇਸ਼ ਅਜ਼ਾਦ ਨੂੰ,
ਲੰਘ ਗਏ ਸਤਰ ਸਾਲ।
ਠੰਡੀ ਛਾਂ ਦੀ ਆਸ ਕਰ,
ਤੂੰ ਸੇਕ ਸਿਰਾਂ ਤੇ ਝੱਲ ਨਾ,
ਆ ਪੰਜੀਂ ਸਾਲੀਂ ਰੁੱਖ ਦੀ,
ਉਹ ਛਾਂਗ ਲੈਣਗੇ ਡਾਲ।
ਤੈਨੂੰ ਪੱਟਣ ਲਈ ਬਜ਼ਾਰ ਵੀ,
ਉਹਨਾਂ ਭੇਜਿਆ ਤੇਰੇ ਕੋਲ,
ਤੂੰ ਬਚ ਕੇ ਇਹਦੇ ਰੰਗ ਤੋਂ,
ਖੁਦ ਆਪਣੇ ਆਪ ਨੂੰ ਢਾਲ।
ਸਭ ਦੀ ਸਾਂਝੀ ਰੇਤ ਵੀ,
ਇਥੇ ਵਿਕਦੀ ਸੋਨੇ ਭਾਅ,
ਰਹਿੰਦਾ ਚੌਵੀ ਘੰਟੇ ਕੂਕਦਾ,
ਹੈ "ਚਿੱਟੇ"ਰੰਗ ਦਾ ਕਾਲ।
ਕਿਰਤ ਚੋਂ ਕਿਰਤੀ ਕਢ ਕੇ,
ਦਿੱਤੇ ਠੇਕੇ ਵਲ ਨੂੰ ਤੋਰ,
ਫਿਰ ਨਸ਼ੇ ਚ ਤੈਨੂੰ ਖੋਰ ਕੇ,
ਤੇਰਾ ਲੁੱਟ ਕੇ ਲੈ ਗਏ ਮਾਲ।
ਤੇਰੇ ਕੱਟੇ ਵਛੇ ਖੋਹਲ ਕੇ,
ਦੇਣੇ ਮੰਡੀ ਅੰਦਰ ਵੇਚ,
ਪੀ ਠੰਡਾ ਪਾਣੀ ਸੋਚ ਲੈ,
ਹੈ ਕੀ ਦੁਸ਼ਮਣ ਦੀ ਚਾਲ।
ਉਹਨਾਂ ਜੰਗਲ ਬੇਲੇ ਵੱਢ ਕੇ,
ਸਭ ਪੰਛੀ ਲਏ ਦਬੋਚ,
ਕਰ ਏਕਾ ਹੰਭਲਾ ਮਾਰ ਤੂੰ,
ਤੇ ਉਡ ਜਾ ਲੈ ਕੇ "ਜਾਲ"।
ਕੀ ਇਹੀ ਤੇਰਾ ਪੰਜਾਬ ਹੈ ?
ਜ਼ਰਾ ਦੱਸ ਧਰਤੀ ਦੇ ਵਾਰਸਾ!
ਜਿਥੇ ਮੌਤ ਵੰਡਦੀਆਂ ਲਾਰੀਆਂ,
ਅਤੇ ਪਿਓ ਪੁੱਤ ਆਟਾ ਦਾਲ।
ਸੰਪਰਕ: 0061 469 976214