ਅਮਰਜੀਤ ਟਾਂਡਾ ਦੀਆਂ ਕੁਝ ਕਾਵਿ-ਰਚਨਾਵਾਂ
Posted on:- 07-05-2015
ਤੂੰ ਨਾ ਸੁਣੀ ਮੇਰੀ ਕਵਿਤਾ
ਨਾ ਪੜ੍ਹੀਂ ਮੇਰੀ ਨਜ਼ਮ
ਇਹ ਕਵਿਤਾ ਹੈ
ਤੇਰੇ ਸੁਪਨੇ ਤਾਂ ਨਹੀਂ ਕਰ ਸਕਦੀ ਪੂਰੇ
ਉਹਨਾਂ ਦੇ ਨਕਸ਼ ਸ਼ਿੰਗਾਰਨ ਜੋਗੀ ਤਾਂ ਹੈ-
ਇਹ ਤੇਰਾ ਘਰ ਵੀ ਨਹੀਂ ਉਸਾਰ ਸਕਦੀ
ਪਰ ਓਹਦੀਆਂ ਦੀਵਾਰਾਂ ਸਜਾ ਸਕਦੀ ਹੈ-
ਤੇਰੀ ਉਦਾਸੀ ਦਾ ਖਿੜ੍ਹਿਆ ਫੁੱਲ਼ ਬਣ ਕੇ-
ਛੱਡ ਯਾਰ ਤੈਂ ਕੀ ਲੈਣਾ
ਮੇਰੀ ਬੇਕਾਰ ਕਵਿਤਾ ਤੋਂ-
ਯਾਦ ਰੱਖੀਂ
ਜਦੋਂ ਕਿਤੇ ਅੱਧੀ ਰਾਤੇ
ਕਿਸੇ ਦੋਸਤ ਦੀ ਯਾਦ ਨੇ ਨਾ ਸੌਣ ਦਿਤਾ
ਨਾ ਪਲ ਪਰਤਿਆ ਨਾ ਰੋਣ ਦਿੱਤਾ
ਓਦੋਂ ਮੇਰੀ ਹੀ ਕਵਿਤਾ ਹੋਵੇਗੀ ਤੇਰੇ ਸਰ੍ਹਾਣੇ
ਤੇਰੀ ਚੀਸ ਤੇ ਹੱਥ ਰੱਖਣ ਨੂੰ-
ਨਾ ਸੁਣ ਮੇਰੀ ਕਵਿਤਾ
ਇਹਦੇ ਕੋਲ ਹਨ੍ਹੇਰੇ ਨਾਲ
ਯੁੱਧ ਕਰਨ ਲਈ ਬਹੁਤ ਹਰਫ਼ ਨੇ
ਤੇਰੇ ਕੋਲ ਕੀ ਹੈ?
ਇਹਦੇ ਕੋਲ ਯਾਰਾਂ ਲਈ ਗੀਤ ਹੈ
ਉਦਾਸ ਪਲਾਂ ਲਈ ਸੰਗੀਤ ਹੈ
ਮੇਰੀ ਕਵਿਤਾ ਕਦੇ ਉਡੀਕ ਬਣ ਜਾਂਦੀ ਹੈ ਕਿਸੇ ਪੁੱਤ ਦੀ
ਕਦੇ ਲੀਕ ਬਣ ਜਾਂਦੀ ਹੈ ਬਹਾਰ ਰੁੱਤ ਦੀ
ਨਹੀਂ ਤੂੰ ਨਾ ਸੁਣ ਮੇਰੀ ਕਵਿਤਾ
ਉਦਾਸ ਰੁੱਖ ਹੇਠ ਤਾਂ ਰਾਹੀ ਵੀ ਨਹੀਂ ਬੈਠਦੇ
ਦੁੱਖ ਤਾਂ ਕੀ ਪੁੱਛਣਗੇ ਉਹ ਤੇਰੇ
ਬੁਝੇ ਘਰਾਂ ਵਿਚ ਤਾਂ ਪਰਿੰਦੇ ਵੀ ਨਹੀਂ ਠਹਿਰਦੇ-
ਕਵਿਤਾ ਛਵੀਆਂ ਤੇ ਨਚਾ ਸਕਦੀ ਹੈ
ਤਵੀਆਂ ਤੇ ਹਸਾ ਸਕਦੀ ਹੈ
ਅਧੂਰੇ ਸੁਫ਼ਨਿਆਂ ਦੀ ਤਸਵੀਰ ਹੁੰਦੀ ਹੈ ਕਵਿਤਾ
ਬੇਗੁਨਾਹਾਂ ਦੀ ਤਕਦੀਰ ਹੁੰਦੀ ਹੈ ਕਵਿਤਾ
ਤੂੰ ਨਾ ਸੁਣੀ ਮੇਰੀ ਕਵਿਤਾ
ਨਾ ਪੜ੍ਹਿਆ ਕਰ ਮੇਰੀ ਨਜ਼ਮ
****
ਵਗਦੇ ਜੋ ਸਾਹਾਂ ਚ ਚਾਅ ਬਣਨਗੇ ਅਹਿਸਾਸ
ਇੱਕ ਦਿਨ ਇਹ ਹਰਫ਼ ਵੀ ਬਣਨਗੇ ਇਤਿਹਾਸ
ਪਵਨ ਰੁੱਖ ਰੇਤ ਪੱਤਿਆਂ ਦੀਆਂ ਰਾਗਨੀਆਂ
ਮਿਲਣ ਤੇ ਵਿਛੜਣ ਦਾ ਕਰਨਗੇ ਅਭਿਆਸ
ਖਿੜ੍ਹ ਰਹੇ ਹੱਸ ਰਹੇ ਨੇ ਰੰਗੀਨ ਜੇਹੇ ਫੁੱਲ
ਹੋ ਜਾਣਗੇ ਤੇਰੇ ਬਾਅਦ ਬਹੁਤ ਹੀ ਉਦਾਸ
ਮੁਰਝਾ ਖਿੱਲਰ ਗਏ ਸਾਰੇ ਅੰਗਾਂ ਦੇ ਕੋਂਪਲ
ਹੁਣ ਕਿਹੜੇ ਕੰਮ ਇਹ ਤੇਰੇ ਦਿਤੇ ਧਰਵਾਸ
ਮਿਲਕੇ ਸ਼ਾਇਦ ਘਟ ਹੀ ਜਾਂਦੀ ਦਿਲ-ਏ-ਚੀਸ
ਹੁਣ ਨਾ ਸੀਨੇ ਭੁੱਖ ਰਹੀ ਨਾ ਹੀ ਹੋਟੀਂ ਪਿਆਸ
ਹਨੇਰਿਆਂ ਦਾ ਪਹਿਰਾ ਹੈ ਘਰ ਘਰ ਚਿਰਾਗ ਸਜਾਓ
ਏਦਾਂ ਹੀ ਏਥੇ ਮੰਗਣੇ ਪੈਂਦੇ ਇੱਕ ਇੱਕ ਪਲ ਸੁਆਸ
ਟੁਰਦੇ ਰਹੇ ਜੂਝਦੇ ਬੇੜੀਆਂ ਨੇ ਆਪੇ ਖ਼ੁਰ ਜਾਣਾ
ਮੰਜ਼ਿਲ ਤੇ ਨੱਚਣ ਦੀ ਪੱਬਾਂ 'ਤੇ ਹੈ ਬੰਨ੍ਹੀ ਆਸ