ਅੰਗੂਰੀ - ਹਰਜਿੰਦਰ ਸਿੰਘ ਗੁਲਪੁਰ
Posted on:- 06-05-2015
ਬਾਬਾ ਤੇਰਾ ਸਿਖ ਹੋ ਕੇ ਮੈਂ,
ਨਿੱਤ,ਮਨਮੱਤੀਆਂ ਕਰਦਾ ਹਾਂ।
ਲੋਕਾਂ ਹਥ ਹਥਿਆਰ ਦੇਣ ਲਈ,
ਫੇਸ ਬੁੱਕ ਤੇ ਧਰਦਾ ਹਾਂ।
ਲੋਕਾਂ ਦੇ ਘਰ ਲੱਗੀ ਦੇਖੀ,
ਅੱਗ ਬਸੰਤਰ ਵਰਗੀ ਸੀ,
"ਰੌਸ਼ਨੀਆਂ"ਵਿਚ ਰਹਿ ਕੇ ਵੀ ਮੈਂ,
ਜੁਗਨੂੰ ਕੋਲੋਂ ਡਰਦਾ ਹਾਂ।
ਅਮਨਾਂ ਦੀ ਅਖ ਅੰਨੀ ਹੋ ਜਾਏ,
ਰੰਗ ਲਹੂ ਦਾ ਹੋ ਜੇ ਚਿੱਟਾ,
ਫਿਰਕੂ ਪਹੀਆ ਰੁੱਕ ਨਾ ਜਾਵੇ,
ਰੋਜ ਹਵਾ ਮੈਂ ਭਰਦਾ ਹਾਂ।
ਸਮਝਣ ਦੀ ਥਾਂ ਪੂਜਕ ਬਣ ਕੇ,
ਧੌਲ ਧਰਮ ਦਾ ਬਣਿਆ ਮੈਂ,
ਗੱਲੀਂ ਬਾਤੀਂ ਜਿੱਤ ਜਾਂਦਾ ਹਾਂ,
ਅਮਲਾਂ ਦੇ ਵਿਚ ਹਰਦਾ ਹਾਂ।
"ਧੰਨਾ"ਬਣਕੇ ਪਥਰਾਂ ਉੱਤੇ,
ਨੱਕ ਰਗੜਦਾ ਰਹਿੰਦਾ ਹਾਂ,
ਹੱਡ ਮਾਸ ਦਾ ਪਥਰ ਬਣਕੇ,
ਅੰਦਰ ਖਾਤੇ ਖਰਦਾ ਹਾਂ।
ਚੰਗਾ ਖਾ ਕੇ ਮੰਦਾ ਬੋਲਾਂ,
ਸਭ ਤੋਂ ਮਾੜੇ ਧੀੜੇ ਨੂੰ,
ਜੋਰਾਵਰ ਦੀ ਕਰਾਂ ਚਾਕਰੀ,
ਪਾਣੀ ਤੱਕ ਵੀ ਭਰਦਾ ਹਾਂ।
ਵਣਜ ਜਹਿਰ ਦਾ ਕਰਨੇ ਦੇ ਲਈ,
ਧਰਮ ਨੂੰ ਜਹਿਰ ਬਣਾ ਦੇਵਾਂ,
ਨਸ਼ਿਆਂ ਤੋਂ ਮੈਂ ਵਰਜਣ ਦੇ ਲਈ,
ਰੋਜ "ਪਤੀਲਾ"ਧਰਦਾ ਹਾਂ।
ਜਿਨ ਸਚ ਪੱਲੇ ਹੋਏ ਕਹਿ ਕੇ,
ਫੇਰਾਂ ਮਣਕੇ ਮਾਲਾ ਦੇ,
ਝੂਠ ਦਾ ਸੌਦਾ ਵੇਚਣ ਖਾਤਰ,
ਕਰ ਕੇ ਰਖਦਾ ਪਰਦਾ ਹਾਂ।
ਭੋਰੇ ਅੰਦਰ ਏ ਸੀ ਚਲਦਾ,
ਸ਼ਾਹੀ ਆਸਣ ਵਿਛਿਆ ਹੈ,
ਧਰਮ ਕਰਮ ਤੋਂ ਪਾਸੇ ਹੋ ਕੇ,
ਰੋਜ ਅੰਗੂਰੀ ਚਰਦਾ ਹਾਂ।
ਸੰਪਰਕ: 0061 469 976214