ਕਿਰਤ ਦੀ ਲੁੱਟ -ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 03-05-2015
ਸ਼ਿਕਾਗੋ ਦੇ ਸ਼ਹੀਦਾਂ ਨੂੰ ਪ੍ਰਣਾਮ,
ਜਾਨਾਂ ਵਾਰ ਗਏ ਲਾਲ ਸਲਾਮ,
ਐਪਰ ਅੱਛੇ ਦਿਨ ਨਹੀਂ ਆਏ,
ਕਿਰਤੀ ਪਿਆ ਗੁਲਾਮੀ ਹੰਢਾਏ,
ਭਾਰਤ ਮਾਂ ਖੂਨ ਦੇ ਹੰਝੂ ਰੋ ਰਹੀ ਹੈ ।
ਅੱਜ ਵੀ ਕਿਰਤ ਦੀ ਲੁੱਟ ਹੋ ਰਹੀ ਹੈ ।
ਹੱਡਾਂ ਦਾ ਸੁਰਮਾ ਪੀਹਣ ਔਰੰਗੇ,
ਮਲਿਕ ਭਾਗੋ ਹੱਥ ਖੂਨ ਨਾਲ ਰੰਗੇ,
ਆਪ ਸੋਨੇ ਦੀਆਂ ਮੋਹਰਾਂ ਜੋੜਨ,
ਲਾਲੋ ਦੀ ਰੱਤ ਤੱਕ ਨਿਚੋੜਨ,
ਜਿੰਦ ਗੁਰਬਤ ਦੀ ਪੰਡ ਢੋ ਰਹੀ ਹੈ ।
ਅੱਜ ਵੀ ਕਿਰਤ ਦੀ ਲੁੱਟ ਹੋ ਰਹੀ ਹੈ ।
ਕਰਜ਼ਾ ਕਿਰਤੀ ਦੀ ਰਗ-ਰਗ ਵਿੱਚ,
ਗਲ ਰੱਸਾ, ਸਲਫਾਸ ਹੈ ਪੱਗ ਵਿੱਚ,
ਕਿਰਤੀ ਬਿਨਾਂ ਇਲਾਜ ਦੇ ਮਰਦਾ,
ਜੇਠ 'ਚ ਤਪਦਾ ਪੋਹ ਵਿੱਚ ਠਰਦਾ,
ਬਰਸਾਤਾਂ ਵਿੱਚ ਕੁੱਲੀ ਚੋ ਰਹੀ ਹੈ ।
ਅੱਜ ਵੀ ਕਿਰਤ ਦੀ ਲੁੱਟ ਹੋ ਰਹੀ ਹੈ ।
ਸਾਰੇ ਕੰਮ ਦੇ ਦਿੱਤੇ ਠੇਕੇ ਉੱਤੇ,
ਰਲ ਕੇ ਬਹਿ ਗਏ ਚੋਰ ਤੇ ਕੁੱਤੇ,
ਘੱਟ ਲਾਗਤ ਲਾ ਮਾਲ ਵਧਾਂਉਦੇ,
ਮਨਮਰਜੀ ਦਾ ਰੇਟ ਲਗਾਂਉਦੇ,
ਇਹ ਪਿਰਤ ਸਾਡਾ ਹੱਕ ਖੋ ਰਹੀ ਹੈ ।
ਅੱਜ ਵੀ ਕਿਰਤ ਦੀ ਲੁੱਟ ਹੋ ਰਹੀ ਹੈ ।
ਬੁਰਕੇ ਵਿੱਚ ਛੁਪਿਆ ਸਾਮਰਾਜਵਾਦ,
ਦੁਸ਼ਮਣ ਕਰ ਦੇਉਗਾ ਸਾਨੂੰ ਬਰਬਾਦ,
ਇਹ ਸਿਸਟਮ ਸਮਝਾਉਣਾ ਪੈਣਾ,
ਮਜ਼ਦੂਰਾਂ ਨੂੰ ਹੈ ਜਗਾਉਣਾ ਪੈਣਾ,
ਕਿਰਤੀ ਜਮਾਤ ਅਜੇ ਸੋ ਰਹੀ ਹੈ ।
ਅੱਜ ਵੀ ਕਿਰਤ ਦੀ ਲੁੱਟ ਹੋ ਰਹੀ ਹੈ ।
ਆਉ ਸਾਰੇ ਅਸੀਂ ਇੱਕ ਹੋ ਜਾਈਏ,
ਰਲ ਕੇ ਕਿਰਤ ਦੀ ਲੁੱਟ ਮੁਕਾਈਏ,
ਪਾਟੀ ਕਿਰਤ ਨੂੰ ਇੱਕਮੁੱਠ ਕਰੀਏ,
ਸੱਚ ਲੋਕਾਂ ਦੇ ਸਾਹਮਣੇ ਧਰੀਏ,
ਜੱਥੇਬੰਦੀ ਇਹ ਮਾਲਾ ਪਰੋ ਰਹੀ ਹੈ ।
ਅੱਜ ਵੀ ਕਿਰਤ ਦੀ ਲੁੱਟ ਹੋ ਰਹੀ ਹੈ ।
ਸੰਪਰਕ: +91 98552 07071
heera
nice