ਮਜ਼ਦੂਰਾ ਮੇਰੇ ਦੇਸ਼ ਦਿਆ
ਤਨ ਕਲੰਦਰ ਵੇਸ ਦਿਆ
ਤੇਰੇ ਲੇਖਾਂ ਅੰਦਰ ਨੇ੍ਹਰਾ ਵੇ
ਪੀੜ ਉਮਰ ਵਰੇਸ ਦਿਆ ।
ਮਜ਼ਦੂਰਾ ਮੇਰੇ...
ਖਾਲੀ ਤੇਰਾ ਭੜੌਲਾ ਹੈ
ਧੀ ਦਾ ਤੋਰਨਾ ਡੋਲਾ ਹੈ
ਅੱਗ ਹੌਕੇ ਦੀ ਸੇਕ ਦਿਆ
ਮਜ਼ਦੂਰਾ ਮੇਰੇ...
ਸੁਪਨੇ ਸੱਜਣਾ ਛਾਲੇ ਨੇ
ਹੰਝੂਆਂ ਦੀਪਕ ਬਾਲੇ ਨੇ
ਆਸਾਂ ਵੱਲੇ ਦੇਖ ਦਿਆ
ਮਜ਼ਦੂਰਾ ਮੇਰੇ...
ਤੱਕ ਕੇ ਤੈਨੂੰ ਰੋਇਆ ਹਾਂ
ਸੋਚਾਂ ਅੰਦਰ ਮੋਇਆ ਹਾਂ
ਕਰਮਾਂ ਮਾਰੇ ਲੇਖ ਦਿਆ
ਮਜ਼ਦੂਰਾ ਮੇਰੇ...