ਗ਼ਜ਼ਲ - ਸੰਤੋਖ ਸਿੰਘ ਭਾਣਾ
Posted on:- 30-04-2015
ਤੇਰੇ ਹੱਸਿਆਂ ਹੋਈ ਫਿਜ਼ਾ ਸੰਧੂਰੀ ਹੈ।
ਬਦਨ ਤੇਰੇ ਨਾਲ ਖਹਿ ਕੇ ਪੌਣ ਸਰੂਰੀ ਹੈ।
ਮਿੱਠੀ ਤੱਕਣੀ ਖਿੜੀ ਬਸੰਤ ਬਹਾਰ ਜਿਹੀ,
ਮਿਲਣੀ ਦੇ ਇਕਰਾਰ ਜਿਹੀ ਤੇਰੀ ਘੂਰੀ ਹੈ।
ਮਹਿਕ ਪਿਆ ਚੁਗਿਰਦਾ ਥੱਲਿਉਂ ਅੰਬਰ ਤੱਕ,
ਪੋਣੇ ’ਚੋਂ ਜਦ ਖੋਲ੍ਹੀ ਹੀਰ ਨੇ ਚੂਰੀ ਹੈ।
ਮਸਤ ਟਹਿਕਦੇ ਫੁੱਲਾਂ ਦੇ ਦਿਲ ਧੜਕ ਪਏ,
ਕੋਲੋਂ ਲੰਘੀ ਪਰੀ ਜੋ ਹੁਸਨ - ਗਰੂਰੀ ਹੈ।
ਇੱਕ ਦੂਜੇ ਦੇ ਕੰਨ ‘ਚੋਂ ਕਹਿਣ ਗੁਲਾਬ ਪਏ,
ਮਹਿਕਾਂ ਵੰਡਦੀ ਕਲੀ ਇਹ ਭਰੀ ਪੂਰੀ ਹੈ।
‘ਭਾਣੇ’ ਜਿਹੇ ਸਿਦਕੀ ਬੰਦੇ ਵੀ ਪਿਘਲ ਗਏ,
ਲਾਂਬੂ ਲਾਉਂਦੀ ਲੰਘੀ ਵੱਟ ਕੇ ਘੂਰੀ ਹੈ।
ਸੰਪਰਕ:+91 98152 96475