ਬੋਲੀਆਂ - ਐੱਸ. ਸੁਰਿੰਦਰ
Posted on:- 29-04-2015
ਪਰਦੇਸੀਆ ਉਡੀਕਾਂ ਤੇਰੀਆਂ,
ਮੈਂ ਕੁੱਟ ਕੇ ਚੂਰੀਆ ਰੱਖੀਆਂ ।
ਘਰ ਆਜਾ ਪਰਦੇਸੀਆ,
ਰੰਗ ਸੂਹਾ ਖੁਰਦਾ ਜਾਵੇ ।
ਨੀ ਮਿੱਟੀਏ ਵਤਨ ਦੀਏ ,
ਤੈਨੂੰ ਅੱਖ ਦਾ ਅਰਗ ਚੜਾਵਾਂ ।
ਵੇ ! ਮਿੱਤਰਾ ਦੂਰ ਦਿਆਂ ,
ਕਦੇ ਵਤਨੀਂ ਮੋੜ ਮੁਹਾਰਾਂ ।
ਰੋਂਦਿਆਂ ਦਾ ਦਿਨ ਲੰਘਿਆ ,
ਉੱਤੋਂ ਰਾਤ ਗਮਾਂ ਦੀ ਆਈ ।
ਸਿੱਕ ਮੇਰੀ ਥਲ ਬਣ ਗਈ ,
ਲੋਕੋ ਕੂੰਕ ਪਪੀਹੇ ਵਾਲੀ ।
ਹਾੜਾ ਦੂਰ ਜਾਣ ਵਾਲਿਆਂ ,
ਤੇਰੀ ਯਾਦ ਕਲਾਵੇ ਭਰਦੀ ।
ਤੇਰੇ ਨਾਲ ਲਾ ਕੇ ਅੱਖੀਆਂ ,
ਮੈਂ ਜਾਨ ਦੁੱਖਾਂ ਵਿੱਚ ਪਾਈ ।
ਝਾਂਜਰਾਂ ਨੇ ਗੀਤ ਛੇੜਿਆ ,
ਜਦੋਂ ਵਾਜ ਮਾਹੀ ਨੇ ਮਾਰੀ ।
ਤੇਰੀਆਂ ਮੈਂ ਮਿਨਤਾ ਕਰਾਂ ,
ਮੈਨੂੰ ਛੱਡ ਕੇ ਕਦੇ ਨਾ ਜਾਵੀਂ ।
ਚਿੱਠੀ ਆਈ ਸੱਜਣਾ ਦੀ ,
ਮੈਂ ਚੁੰਮ ਕੇ ਕਾਲਜੇ ਲਾਈ ।
ਸੱਜਣਾ ਦੀ ਯਾਦ ਆ ਗਈ ,
ਜਦੋਂ ਕਾਂ ਕੋਠੇ ਕੁਰਲਾਇਆ ।
ਚਾਲ ਮੇਰੀ ਬਿਜਲੀ ਯਾਰਾ ,
ਡੰਗ ਮਾਰਦਾ ਲਾਲ ਪਰਾਦਾਂ ।
ਯਾਰ ਵਿੱਚੋਂ ਰੱਬ ਮਿਲਿਆ ,
ਤੈਨੂੰ ਕਿੰਝ ਕਾਜ਼ੀ ਸਮਝਾਵਾਂ ।
ਛੁੱਟੀ ਲੈਕੇ ਆਜਾ ਬੇਲੀਆ ,
ਮੇਰੀ ਜਿੰਦ ਕਲੀ ਕੁਮਲਾਈ ।
ਹਾਏ ਟੁੱਟੀਆਂ ਤੜੱਕ ਕਰਕੇ ,
ਪੀਘਾਂ ਚੰਨ ਉੱਤੇ ਸੀ ਪਾਈਆਂ ।
ਸੰਪਰਕ: 0039 328 0437353