ਗ਼ਜ਼ਲ -ਆਰ.ਬੀ.ਸੋਹਲ
Posted on:- 28-04-2015
ਰੂਹ ਰੁੱਸ ਗਈ ਹੈ ਯਾਰੋ, ਉਸਨੂੰ ਮਨਾ ਰਹੇ ਹਾਂ।
ਦਿਲ ਦੇ ਉਦਾਸ ਵਿਹੜੇ, ਆਸਾਂ ਸਜਾ ਰਹੇ ਹਾਂ ।
ਵਿੰਨਦੇ ਨੇ ਆਤਮਾ ਨੂੰ, ਆਪਣੇ ਹੀ ਲੋਕ ਭਾਂਵੇ,
ਗੈਰਾਂ ਦੀ ਪੀੜ ਫਿਰ ਵੀ ,ਆਪਣੀ ਬਣਾ ਰਹੇ ਹਾਂ
ਕਰ ਕੇ ਜ਼ੁਬਾਨ ਫਿਰ ਨਾ, ਹੋਏ ਕਦੇ ਵੀ ਮੁਨਕਰ,
ਅੱਗ ਦੀ ਨਦੀ ਨੂੰ ਤਰ ਕੇ ,ਵਾਧੇ ਪੁਗਾ ਰਹੇ ਹਾਂ ।
ਪੱਤਝੜ ਦੇ ਦੌਰ ਅੰਦਰ , ਲੱਭਦੇ ਪਏ ਬਹਾਰਾਂ,
ਟੁੰਡਾਂ ਤੇ ਰੋਜ਼ ਸੱਜਰੇ, ਪੱਤੇ ਸਜਾ ਰਹੇ ਹਾਂ ।
ਰਾਹਾਂ ‘ਚ ਬਹੁਤ ਸੂਲਾਂ, ਹੋਏ ਨੇ ਪੈਰ ਜ਼ਖਮੀਂ,
ਰਫਤਾਰ ਸਹਿਜ ਵਾਲੀ, ਫਿਰ ਵੀ ਬਚਾ ਰਹੇ ਹਾਂ ।
ਆਪਾਂ ਹਾਂ ਸੱਚ ਦੇ ਜੁਗਨੂੰ, ਕੁਫਰਾਂ ਦੀ ਰਾਤ ਕਾਲੀ,
ਆਪਾ ਜਲਾ ਕੇ ਆਪਣਾ , ਨ੍ਹੇਰਾ ਮੁਕਾ ਰਹੇ ਹਾਂ ।
ਹਰ ਇੱਕ ਖੁਸ਼ੀ ਦਾ ਪੰਛੀ, ਮਾਣੇ ਸਦਾ ਅਜਾਦੀ,
ਜੋ ਕੈਦ ਹੈ ਗ਼ਮਾਂ ਦੀ, ਉਸਤੋਂ ਛੁਡਾ ਰਹੇ ਹਾਂ ।
ਜ਼ਿੰਦਗੀ ਨੂੰ ਮਿਲ ਕੇ ਸਾਡੀ, ਹੁਣ ਮੁੱਕ ਗਈ ਹੈ ਭਟਕਣ,
ਖਾਬਾਂ ਦੇ ਖੇਤ ਵਿਚ ਹੁਣ, ਰੀਝਾਂ ਉਗਾ ਰਹੇ ਹਾਂ ।
ਸ਼ਮਸ਼ੇਰ ਸੰਧੂ
ਜ਼ਿੰਦਗੀ ਨੂੰ ਮਿਲ ਕੇ ਸਾਡੀ, ਹੁਣ ਮੁੱਕ ਗਈ ਹੈ ਭਟਕਣ, ਖਾਬਾਂ ਦੇ ਖੇਤ ਵਿਚ ਹੁਣ, ਰੀਝਾਂ ਉਗਾ ਰਹੇ ਹਾਂ । ਵਾਹ ਖੂਬ ਕਿਹਾ ਹੈ