ਜ਼ਮੀਨ ਉੱਤੇ - ਹਰਜਿੰਦਰ ਸਿੰਘ ਗੁਲਪੁਰ
Posted on:- 28-04-2015
ਹੁੰਦੇ ਹਾਦਸੇ ਬੜੇ ਅਸਮਾਨ ਅੰਦਰ,
ਟੁੱਟਦੇ ਤਾਰੇ ਵੀ ਹੁੰਦੇ ਜ਼ਮੀਨ ਉੱਤੇ।
ਬਾਰਸ਼ ਹੁੰਦੀ ਹੈ ਭਾਵੇਂ ਆਕਾਸ਼ ਵਿਚੋਂ,
ਹੰਝੂ ਖਾਰੇ ਵੀ ਹੁੰਦੇ ਜ਼ਮੀਨ ਉੱਤੇ।
ਤਿੰਨਾਂ ਲੋਕਾਂ ਦੇ ਭਰਮ ਵਿਚ ਲੋਕ ਪਾਕੇ,
ਬੰਦੇ ਮਾਰੇ ਵੀ ਹੁੰਦੇ ਜ਼ਮੀਨ ਉੱਤੇ।
ਲਾਸ਼ਾਂ ਨਾਲ ਨੇ ਜਿਹੜੇ ਤੰਦੂਰ ਤਪਦੇ,
ਰਲ ਕੇ ਠਾਰੇ ਵੀ ਹੁੰਦੇ ਜ਼ਮੀਨ ਉੱਤੇ।
ਕਲਾਕਾਰ ਵਿਚਾਲਿਓਂ ਬੋਚ ਲੈਂਦੇ,
ਨੋਟ ਵਾਰੇ ਜੋ ਹੁੰਦੇ ਜ਼ਮੀਨ ਉੱਤੇ।
ਮੱਲ ਲੈਂਦੇ ਨੇ ਰਾਜਸੀ "ਰੁਖ" ਜਾ ਕੇ,
ਚਲਦੇ ਆਰੇ ਵੀ ਹੁੰਦੇ ਜ਼ਮੀਨ ਉੱਤੇ।
ਫੇਸ ਬੁੱਕ ਤੇ ਕੋਈ ਵੀ ਸਮਝਦਾ ਨੀ,
ਲਗਦੇ ਲਾਰੇ ਵੀ ਹੁੰਦੇ ਜ਼ਮੀਨ ਉੱਤੇ।
ਭੁੱਲ ਜਾਂਦੇ ਨੇ ਹਵਾ ਹਵਾਈ ਹੋ ਕੇ,
ਇਥੇ ਸਾਰੇ ਵੀ ਹੁੰਦੇ ਜ਼ਮੀਨ ਉੱਤੇ।
ਡਾਹ ਲੈਂਦੇ ਨੇ ਕੁਰਸੀਆਂ ਸਿਰਾਂ ਉਪਰ,
ਜਿਹੜੇ ਹਾਰੇ ਵੀ ਹੁੰਦੇ ਜ਼ਮੀਨ ਉੱਤੇ।
ਹਵਾ ਮਹਿਲ ਦੇ ਵਾਸੀਓ ਆਓ ਥੱਲੇ,
ਕੁੱਲੀਆਂ ਢਾਰੇ ਵੀ ਹੁੰਦੇ ਜ਼ਮੀਨ ਉੱਤੇ।
ਸੰਪਰਕ: 0061 469 976214