ਚੁੱਪ ਸਰਕਾਰ - ਹਰਜਿੰਦਰ ਸਿੰਘ ਗੁਲਪੁਰ
Posted on:- 24-04-2015
ਗ਼ਲਤ ਕੰਮੋਂ ਪਿਆਰ ਦੇ ਨਾਲ ਵਰਜੋ,
ਇੱਕ ਦੂਜੇ ਦਾ ਕਰੋ ਸਤਕਾਰ ਭਾਈਓ।
ਪੂਰੀ ਕੌਮ ਨੂੰ ਦਾਅ ਤੇ ਨਾ ਲਾਵੋ,
ਬਾਬੇ ਨਾਲ ਜੇ ਹੈਗਾ ਪਿਆਰ ਭਾਈਓ।
ਕਿਰਪਾ ਵਾਲੀ ਕਿਰਪਾਨ ਨੂੰ ਛੱਡ ਦਿੱਤਾ,
ਖਿੱਚ ਲਈ ਹੈ ਤੁਸੀਂ ਤਲਵਾਰ ਭਾਈਓ।
ਕੌਣ ਕਹਿੰਦਾ ਹੈ ਸਿੱਖਾਂ ਤੇ ਜ਼ੁਲਮ ਹੁੰਦਾ,
ਸੋਧਾ ਲਾਣ ਨੂੰ ਲਾਇਆ ਦਰਬਾਰ ਭਾਈਓ।
ਜੇਕਰ ਆਪ ਹੀ ਆਪਣੀ ਲਾਹੀ ਜਾਂਦੇ,
ਬਨੂੰ ਪੋਚਵੀਂ ਕੌਣ ਦਸਤਾਰ ਭਾਈਓ।
ਹਰ ਥਾਂ ਤੇ ਪਹਿਰਾ ਹੈ ਲਾਲੋਆਂ ਦਾ,
ਬਣ ਕੇ ਚੱਲੋ ਨਾ ਭਾਗੋ ਦੇ ਯਾਰ ਭਾਈਓ।
ਇਹੀ ਕਾਲੀਆਂ ਬਿੱਲੀਆਂ ਕਰਦੀਆਂ ਸੀ,
ਲੋਕਾਂ ਵਾਸਤੇ ਬੜਾ "ਉਪਕਾਰ"ਭਾਈਓ।
ਇੱਕ ਦੂਜੇ ਦੀਆਂ ਸ਼ਾਹਦੀਆਂ, ਤਾਂ ਭਰਦੇ,
ਲੁੱਚਾ ਰਿਹਾ ਹੈ ਲੰਡੇ ਦਾ ਯਾਰ ਭਾਈਓ।
ਰਾਖੀ ਆਪਣੇ ਇਸ਼ਟ ਦੀ ਕਰਨ ਖਾਤਰ,
ਚੁੱਕ ਲਏ ਨੇ ਤੁਸੀਂ ਹਥਿਆਰ ਭਾਇਓ।
ਪੱਗ ਇੱਕ ਦੀ ਦੂਜੇ ਦੇ ਹਥ ਹੋਵੇ,
ਕੀਤੀ ਚੁੱਪ ਹੈ ਤਾਹੀਂ ਸਰਕਾਰ ਭਾਈਓ।
ਸੰਪਰਕ: 0061 469 976214