"ਬਾਬੇ" ਆਖਦੇ - ਹਰਜਿੰਦਰ ਸਿੰਘ ਗੁਲਪੁਰ
Posted on:- 21-04-2015
ਵਾਂਝੀ ਜਿਹੜੀ ਹੈ ਗੁਰੂ ਦੀਆਂ ਰਹਿਮਤਾਂ ਤੋਂ,
ਰਖੀਏ ਸਦਾ ਹੀ ਕੋਲ ਕਿਰਪਾਨ ਮਾੜੀ।
ਮੌਕਾ ਦੇਖ ਕੇ ਪੱਗਾਂ ਨੂੰ ਹੱਥ ਪਾਈਏ,
ਆਉਂਦੀ ਸਾਹਮਣੇ ਦੇਖ ਕੇ "ਜਾਨ" ਮਾੜੀ।
ਸਾਡੇ ਸਿਰ ਤੇ "ਗੁਰੂ ਦਾ ਆਸਰਾ"ਹੈ,
ਤਾਂ ਹੀ ਹੋਈ ਹੈ ਸਾਡੀ ਪਹਿਚਾਨ ਮਾੜੀ।
ਲੜਨਾ ਭੁੱਲ ਕੇ ਰੜੇ ਮੈਦਾਨ ਅੰਦਰ,
ਬਣ ਗਈ ਛਬੀ ਹੈ ਵਾਂਗ ਸ਼ੈਤਾਨ ਮਾੜੀ।
ਮਾੜੀ ਕਿੰਨੀ ਵੀ ਕਿਸੇ ਦੀ ਨੀਅਤ ਹੋਵੇ,
ਕਹਿੰਦਾ ਹੁੰਦਾ ਨਹੀਂ ਕਦੇ ਜਹਾਨ ਮਾੜੀ।
ਵੱਡੇ ਨੋਟਾਂ ਨੂੰ ਕੋਈ ਵੀ ਗੌਲਦਾ ਨੀ,
ਹੁੰਦੀ ਛਣਕਦੀ ਖੀਸੇ ਵਿਚ ਭਾਨ ਮਾੜੀ।
ਭਾਵੇਂ ਹੁੰਦੀ ਹੈ ਗੋਡਿਆਂ ਭਾਰ ਪਰਜਾ,
ਐਪਰ ਹੁੰਦੀ ਨਹੀਂ ਰਾਜੇ ਦੀ ਸ਼ਾਨ ਮਾੜੀ।
ਸਦਾ ਜਾਬਤੇ ਵਿਚ ਤਲਵਾਰ ਰਹਿੰਦੀ,
ਹੋਵੇ ਕਿੰਨੀ ਵੀ ਭਾਵੇਂ ਮਿਆਨ ਮਾੜੀ।
"ਦੋ ਨੰਬਰ ਦਾ ਵੇਚਦੇ ਹਾਂ ਸੌਦਾ",
ਕੀ ਹੋਇਆ ਜੇ ਸਾਡੀ ਜ਼ੁਬਾਨ ਮਾੜੀ।
"ਬਾਬੇ ਆਖਦੇ"ਉਚੀ ਦੁਕਾਨ ਉੱਤੇ,
ਸਦਾ ਪੱਕਦੇ ਹੁੰਦੇ ਪਕਵਾਨ ਮਾੜੀ।
ਸੰਪਰਕ: 0061 469 976214