ਕੁੜਮੱਤਾਂ - ਹਰਜਿੰਦਰ ਸਿੰਘ ਗੁਲਪੁਰ
Posted on:- 18-04-2015
ਬਿਖੜੇ ਰਾਹਾਂ ਤੇ ਅਜੇ ਨੇ ਸਾਫ਼ ਗੋਈਆਂ,
ਲੂੰਬੜ ਮਾਰਕਾ ਮੱਤਾਂ ਦਾ ਬੋਲ ਬਾਲਾ।
ਤੁਰੇ ਫਿਰਦੇ ਨੇ "ਕਾਠ ਦੀ ਲੱਤ"ਬਣਕੇ,
"ਬੂਟਾਂ ਵਾਲੀਆਂ"ਲੱਤਾਂ ਦਾ ਬੋਲ ਬਾਲਾ।
ਓਸ ਪਾਸਿਓਂ ਮੋੜ ਲਏ ਮੂੰਹ ਆਪਾਂ,
ਜਿਧਰ ਚੋਂਦੀਆਂ ਛੱਤਾਂ ਦਾ ਬੋਲ ਬਾਲਾ।
ਆਖਰਕਾਰ ਨੂੰ ਅਮਨ 'ਚ ਬਦਲ ਜਾਣਾ,
ਚੁੱਕੀਆਂ ਜਾਣ ਕੇ ਅੱਤਾਂ ਦਾ ਬੋਲ ਬਾਲਾ।
ਫੇਸ ਬੁੱਕ ਵੀ ਇੱਕ ਦਿਨ ਮੁੱਕ ਜਾਣੀ,
ਜਿਵੇਂ ਮੁੱਕਿਆ ਖੱਤਾਂ ਦਾ ਬੋਲ ਬਾਲਾ।
ਆਖਰਕਾਰ ਨੂੰ ਆਪਣੀ ਮੌਤ ਮਰਦਾ,
ਕੱਟੜ ਵਾਦ ਦੇ ਤੱਤਾਂ ਦਾ ਬੋਲ ਬਾਲਾ।
ਰਖੀ ਜਾਊਗੀ ਸਿਰ ਦਸਤਾਰ ਮੁੜਕੇ,
ਅਜੇ ਲਥੀਆਂ ਪੱਤਾਂ ਦਾ ਬੋਲ ਬਾਲਾ।
ਵੈਦ ਆਖਦੇ ਜਿਸਮ ਵਿਚ ਲਹੂ ਹੈਨੀ,
ਡੁੱਲੀਆਂ ਰੱਤਾਂ ਦਾ ਸੜਕ ਤੇ ਬੋਲ ਬਾਲਾ।
ਰਾਜ ਨੀਤੀ ਦੇ ਰੰਗ ਵਿਚ ਬਦਲ ਦਿੰਦੇ,
ਹੁੰਦਾ ਜਿਹੜਾ ਕੁੜਮੱਤਾਂ ਦਾ ਬੋਲ ਬਾਲਾ।
ਸੰਪਰਕ: +91 0061 469 976214