ਗੁਰਚਰਨ ਰਾਮਪੁਰੀ ਦੇ ਕੁਝ ਦੋਹੇ
Posted on:- 17-04-2015
ਸੋਚ ਸਿਆਣਪ ਜੋ ਕਹੇ ਧਰ ਤੂੰ ਉਸ ਤੇ ਕੰਨ
ਭੀੜ ਜੋ ਉੱਚੀ ਬੋਲਦੀ, ਛਾਣ ਪਰਖ ਹੀ ਮੰਨ।
ਤਿਣਕੇ ਸਾਂਭ ਗਿਆਨ ਦੇ ਕਰ ਝੋਲੀ ਭਰਪੂਰ
ਚਮਕੇ ਤੇਰੇ ਆਲ੍ਹਣੇ ਮੱਸਿਆ ਨੂੰ ਵੀ ਨੂਰ।
ਸੂਰਜ ਡੁੱਬੇ ਸ਼ਾਮ ਨੂੰ ਚੜ੍ਹਨ ਸਿਤਾਰੇ ਚੰਦ
ਨੂਰ ਗਿਆਨ ਦਾ ਸਿਮਰ ਤੂੰ ਅਮਲ ‘ਚ ਹੈ ਆਨੰਦ।
ਕੱਟੜਤਾ ਹੈ ਮੂਰਖਤਾ ਦੀ ਸਕੀ ਸੋਧਰੀ ਭੈਣ
ਪਿਆਰ ਦੀਆਂ ਕਿਰਨਾਂ ਦੇ ਅੱਗੇ ਨਸ ਜਾਂਦੀ ਹੈ ਰੈਣ।
ਸਿਰ ਦੀ ਮੰਨਦੈਂ ਤੂੰ ਸਦਾ, ਮਾੜੀ ਨਹੀਂ ਇਹ ਗੱਲ
ਜਿੱਧਰ ਨੂੰ ਦਿਲ ਤੋਰਦਾ ਕਦੇ ਤਾਂ ਓਧਰ ਚੱਲ।