ਅਮਰਜੀਤ ਟਾਂਡਾ ਦੀਆਂ ਦੋ ਕਾਵਿ-ਰਚਨਾਵਾਂ
Posted on:- 15-04-2015
ਰੂਹਾਂ ਨੇ ਟੁਰ ਗਈਆਂ ਇਹਨਾਂ ਦਰਗਾਹਾਂ 'ਚ ਭਟਕਣਾ
ਤਪਦੀਆਂ ਸਨ ਹਵਾਵਾਂ ਨੇ ਕਤਲਗਾਹਾਂ 'ਚ ਭਟਕਣਾ
ਖ਼ਾਕ ਨਾ ਕਰੀਂ ਹੰਝੂਆਂ ਨੂੰ ਕਿਸੇ ਜੇਬ ਚ ਸਾਂਭ ਰੱਖੀਂ
ਸਿਰ ਫਿਰੀ ਹਨੇਰੀ ਦੇ ਇਹਨਾਂ ਸਾਹਵਾਂ 'ਚ ਭਟਕਣਾ
ਹੱਥਿਆਰਾ ਤਾਂ ਭੁੱਲ ਜਾਵੇਗਾ ਕਦੇ ਕਤਲ ਵਾਲੀ ਜਗਾ੍
ਹਿੱਕਾਂ 'ਚ ਬਲਦੇ ਅੰਗਿਆਰਾਂ ਨੇ ਰਾਹਾਂ 'ਚ ਭਟਕਣਾ
ਮਿਲ ਜਾਵੇਗੀ ਮੰਜ਼ਿਲ ਹੌਸਲਾ ਰੱਖੀਂ ਸੀਨਾ ਜਰਾ ਮਿਣੀ
ਕਿੰਨਾ ਕੁ ਹੋਰ ਹੁਣ ਕਾਤਿਲਾਂ ਨਿਗਾਵਾਂ 'ਚ ਭਟਕਣਾ
ਬੇ ਵਜ੍ਹਾ ਨਾ ਰੋਲ ਦੇਵੀਂ ਮਿੱਟੀ 'ਚ ਚਾਅ ਤਲਵਾਰ ਦੇ
ਨੰਗੀਆਂ ਸ਼ਮਸ਼ੀਰਾਂ ਨੇ ਇਹਨਾਂ ਅਜੇ ਬਾਹਾਂ 'ਚ ਭਟਕਣਾ
ਪੈਂਦੇ ਨੇ ਪੱਥਰ ਚੀਰਨੇ ਪਿਘਲਦੇ ਨਾ ਦੀਵੇ ਸਜਾ
ਸੂਲੀਆਂ ਦੀ ਤਾਰੀਖ਼ ਵਿਚ ਬੇਗੁਨਾਹਾਂ ਨੇ ਭਟਕਣਾ
****
ਤੂੰ ਸ਼ੁਰੂ ਤਾਂ ਕਰ ਬਾਤ ਮੈਂ ਹੁੰਗਾਰਾ ਬਣਾ ਦਿਆਂ
ਬੇੜੀਆਂ 'ਚ ਜੜੇ ਅਰਮਾਨਾਂ ਨੂੰ ਨੱਚਣਾ ਸਿਖਾ ਦਿਆਂ
ਸਜਾ ਦੇਵਾਂ ਖ਼ੂਨ 'ਚ ਡੁੱਬੇ ਖ਼ੰਜਰ ਨੂੰ ਕਿਤੇ ਕੋਣੇ ਚ
ਸੁੰਨ੍ਹੀ ਜੇਹੀ ਪਈ ਹੈ ਸਲੀਬ ਉਹਨੂੰ ਵੀ ਸੁਆ ਦਿਆਂ
ਕਿੱਥੇ ਲੱਭਦੇ ਨੇ ਹਨੇਰੀਆਂ ਰਾਤਾਂ 'ਚ ਚੰਨ ਜਗਦੇ
ਤੂੰ ਸੀਨਾ ਜੇਹਾ ਤਾਂ ਫ਼ੜ੍ਹ ਤੈਨੂੰ ਦੀਪਕ ਬਣਾ ਦਿਆਂ
ਇਹ ਚੁੱਪ ਜੇਹੀ ਦੁਪਹਿਰ ਸ਼ਾਂਤ ਜੇਹੀਆਂ ਸ਼ਾਮਾਂ
ਦੋ ਕੁ ਪਲ ਠਹਿਰ ਇਹਨਾਂ 'ਚ ਗੀਤ ਟਿਕਾ ਦਿਆਂ
ਦੇਖੇ ਨਹੀਂ ਜਾਂਦੇ ਮੈਥੋਂ ਗੁਲਾਮ ਪੱਥਰ ਇਹ ਲੋਕ
ਹੱਥਾਂ 'ਚ ਇਹਨਾਂ ਦੇ ਇਕ ਇੱਕ ਸੂਰਜ ਫ਼ੜਾ ਦਿਆਂ
ਝੀਲਾਂ ਨੁੰ ਕਹੋ ਟੁਰਨ ਦਰਿਆਵਾਂ ਨੂੰ ਕਹੋ ਰੁਕਣ ਨਾ
ਰੁੱਖਾਂ ਨੂੰ ਲੈ ਕੇ ਨਾਲ ਨਾਲ ਕਈ ਕਾਫ਼ਲੇ ਬਣਾ ਦਿਆਂ