ਸੂਲ -ਮਿੰਟੂ ਗੁਰੂਸਰੀਆ
Posted on:- 14-04-2015
ਸੂਲ ਹੋਏ ਸੁਫਨੇ ਤੇ ਚਾਅ ਕਟਾਰ ਹੋ ਗਏ,
ਆਸ਼ਕ ਜ਼ਿੰਦਗੀ ਦੇ, ਜੀਣੋਂ ਲਾਚਾਰ ਹੋ ਗਏ।
ਲੈਣ ਗਏ ਸੀ ਉਹ ਮਾਂ ਲਈ ਪ੍ਰਦੇਸ ’ਚੋਂ ਰੋਟੀਆਂ,
ਖੁਦ ਜੰਗਲਾਂ ’ਚ ਭੁੱਖ ਦਾ ਸ਼ਿਕਾਰ ਹੋ ਗਏ।
ਗਲ ਗਈ ਜ਼ਿੰਦਗੀ ਗੋਦਾਮ ’ਚ ਤਰਪਾਲ ਖੁਣੋਂ,
ਐਟਮਾਂ ਦੇ ਰਾਖੇ ਬੜੇ ਪਹਿਰੇਦਾਰ ਹੋ ਗਏ।
ਮਾਂ-ਬੋਲੀ ਦਾ ਨਾਅਰਾ ਮਾਰਦੇ ਵਲੈਤ ਜਾਣ ਲਈ,
ਸੰਘਰਸ਼ ਵੀ ਮੁਲਖ ਦੇ ਕਾਰੋਬਾਰ ਹੋ ਗਏ।
ਹੁਣ ਉਨ੍ਹਾਂ ਦੇ ਘਰਾਂ ’ਚ ਬਾਲ਼ੇਗਾ ਕੌਂਣ ਲੋਹੜੀਆਂ?
ਜਿਹੜੇ ਧਰਮੀਆਂ ਹੱਥੋਂ ਹੀ ਉਜਾੜ ਹੋ ਗਏ।
ਫਿਰਦੇ ਸੀ ਮੇਲੇ ’ਚ ਚਾਈ ਝੰਡੀਆਂ, ਕੋਈ ਆਣ ਟੱਕਰੇ,
ਡੰਕਾ ਵੱਜਿਆਂ ਤਾਂ ਮੈਦਾਨੋਂ ਬਾਹਰ ਹੋ ਗਏ।
‘ਬੰਦਾ’ ਲੱਭਦਾ ਨਾ ‘ਮਿੰਟੂ’ ਓਏ ਮਨੁੱਖਾਂ ਦੀ ਭੀੜ ’ਚੋਂ,
ਭਗਵਾਨ ਉਂਝ ਜੱਗ ’ਤੇ ਹਜ਼ਾਰ ਹੋ ਗਏ।
ਸੰਪਰਕ: +91 95921 56307