ਏਦਾਂ ਕਿੱਥੇ ਵਿੱਛੜ ਹੋਣਾ ਤੈਥੋਂ -ਅਮਰਜੀਤ ਟਾਂਡਾ
Posted on:- 10-04-2015
ਏਦਾਂ ਕਿੱਥੇ ਵਿੱਛੜ ਹੋਣਾ ਤੈਥੋਂ
ਤਾਰਿਆਂ ਵਾਂਗ ਟੁੱਟਿਆ ਵੀ ਕਿੱਥੇ ਜਾਂਦਾ ਹੈ
ਅਸਮਾਨ ਤੋਂ
ਕਿਹਦਾ ਦਿਲ ਕਰਦਾ ਹੈ ਕਿ
ਡਾਲੀਆਂ ਪੱਤਿਆਂ ਨੂੰ ਛੱਡ
ਕਿਰ ਜਾਵੇ ਪਿਆਸੀ ਭੁੱਖੀ ਧਰਤ 'ਤੇ-
ਤੇ ਮੁਕਤੀ ਦਾ ਰਾਹ ਦੱਸਦਾ ਫਿਰੇ
ਰਾਹੀਆਂ ਨੂੰ
ਨਹੀਂ ਇਹ ਮੈਥੋਂ ਨਹੀਂ ਹੋਣਾ-
ਤੈਨੂੰ ਕੀ ਪਤਾ
ਇਕ ਦੂਜੇ ਤੋਂ ਵਿੱਛੜਨ ਲੱਗਿਆਂ
ਕਿੰਨੇ ਪਰਬਤ ਪਾਟਦੇ ਨੇ-
ਸੁੱਕਦੇ ਨੇ ਕਿੰਨੇ ਸਮੁੰਦਰ
ਬਲਦੇ ਨੇ ਕਿੰਨੇ ਅਸਮਾਨ-
ਇਹ ਤੂੰ ਨਹੀਂ ਅਜੇ ਜਾਣਦੀ-
ਮੈਂ ਤਾਂ ਚਾਹੁੰਦਾ ਹਾਂ
ਆਪਾਂ ਹਰਫ਼ ਹਰਫ਼ ਸਤਰ ਬਣੀਏ ਤੇ ਫਿਰ ਵਾਕ
ਜੇ ਉਹੀ ਸਤਰਾਂ ਕਿਤੇ ਗੀਤ ਬਣ ਗਈਆਂ
ਤਾਂ ਕਈਆਂ ਦੀਆਂ ਰਾਤਾਂ ਦੇ ਹੰਝੂ ਚੁਗਣਗੀਆਂ
ਖਬਰੇ ਕਿੰਨੇ ਮਾਹੀ ਯਾਦਾਂ 'ਚ ਆ ਵਿਛਣ
ਤੂੰ ਬਣ ਮੇਰੇ ਚੀਰੇ ਦਾ ਰੰਗ ਸਿੰਗਾਰ
ਤੇ ਮੈਂ ਤੇਰੀ ਚੁੰਨੀ 'ਤੇ
ਚਮਕਾਂਗਾ- ਸਿਤਾਰਿਆਂ ਵਾਂਗ
ਤੇਰੇ ਮੱਥੇ ਤੇ ਟਿੱਕਾ ਬਣ ਸਜਾਂਗਾ-
ਲਹਿਰਾਵਾਂਗਾ ਕੰਨਾਂ ਤੋਂ- ਝੁੰਮਕੇ ਬਣ
ਤੇਰੀਆਂ ਪੰਜੇਬਾਂ ਦੀ ਛਣਕਾਰ ਬਣਾਂਗਾ ਮੈਂ
ਮਹਿੰਦੀ 'ਚ ਲਿਸ਼ਕਾਂਗਾ- ਤੇਰੀਆਂ ਤਲੀਆਂ ਤੇ
ਵਟਣੇ ਦੀ ਮਹਿਕ 'ਚ ਜਗਾਂਗਾ- ਤੇਰੇ ਅੰਗ ਅੰਗ ਚ
ਨਹੀਂ ਏਦਾਂ ਨਹੀਂ ਵਿੱਛੜ ਹੋਣਾ ਤੈਥੋਂ
ਤੇ ਨਾ ਹੀ ਅਜੇ ਤੀਕ
ਏਦਾਂ ਦੀ ਮੌਤ ਕੋਈ ਮਰਿਆ ਹੈ
ਨਾ ਹੀ ਏਦਾਂ ਕਿਸੇ ਨੇ ਤਲੀ ਚੰਨ ਧਰਿਆ ਹੈ
ਨਾ ਹੀ ਮੁਹੱਬਤੇ-ਏ-ਝਨ੍ਹਾਂ ਕਿਸੇ ਨੇ ਅਜੇ ਇੰਝ ਤਰਿਆ ਹੈ