ਕੁਕਨੂਸ -ਹਰਜਿੰਦਰ ਸਿੰਘ ਗੁਲਪੁਰ
Posted on:- 07-04-2015
ਜਿਹੜੇ ਦੇਸ਼ ਵਿਚ ਕੁੱਖਾਂ ਦੇ ਹੋਣ ਸੌਦੇ,
ਓਸ ਦੇਸ਼ ਤੋਂ ਵਾਰੀਏ ਜਾਨ ਕਿੱਦਾਂ।
ਜਿਹੜਾ ਪੱਥਰਾਂ ਵਿੱਚ ਤਬਦੀਲ ਹੋਇਆ,
ਉਹਨੂੰ ਮੰਨੀਏ ਅਸੀਂ ਭਗਵਾਨ ਕਿੱਦਾਂ।
ਆਇਆ ਲੁੱਟਣ ਦੇ ਲਈ ਸਮੇਤ ਲਸ਼ਕਰ,
ਬਣਿਆ ਦੇਸ਼ ਦਾ ਦੱਸੋ ਮਹਿਮਾਨ ਕਿੱਦਾਂ।
ਜਿਹਦੇ ਹੋਣ ਤਲਵਾਰ ਤੋਂ ਫੱਟ ਗਹਿਰੇ,
ਭੁੱਲ ਜਾਵੇਗੀ ਬਦ ਜ਼ੁਬਾਨ ਕਿੱਦਾਂ।
ਜਿਥੇ ਰਾਜ ਹੈ ਗੰਗਾ ਦੇ ਪਾਂਡਿਆਂ ਦਾ,
ਰੋਟੀ ਖਾਂਦੇ ਨੇ ਉੱਥੇ ਜਜਮਾਨ ਕਿੱਦਾਂ।
ਮਰ ਗਈ ਫਸਲ ਤੇ ਉੱਚੀ ਕਬੀਲਦਾਰੀ,
ਫਾਹੇ ਲੱਗੂ ਨਾ ਭੁੱਖਾ ਕਿਸਾਨ ਕਿੱਦਾਂ।
ਜਿਹਨਾਂ ਘਰਾਂ 'ਚ ਨਸ਼ੇ ਨੇ ਲਾਏ ਡੇਰੇ,
ਪੁੱਤਰ ਹੋਣਗੇ ਉੱਥੇ ਜਵਾਨ ਕਿੱਦਾਂ।
ਇਥੇ ਕਿਰਪਾ ਜੇ ਕੌਤਕੀ ਬਾਬਿਆਂ ਦੀ,
ਅੱਗੇ ਦੇਸ਼ ਤੋਂ ਚੀਨ, ਜਪਾਨ ਕਿੱਦਾਂ।
ਕਾਲੇ ਹਿਰਨ ਲਈ ਕਾਲਾ ਕਨੂੰਨ ਹਾਜ਼ਰ,
ਕਾਤਲ ਬਣੇਗਾ ਖਾਨ ਸਲਮਾਨ ਕਿੱਦਾਂ।
ਸੜਕੇ ਆਪਣੀ ਰਾਖ ਚੋਂ ਹੋਏ ਪੈਦਾ,
"ਕੁਕਨੂਸ" ਦਾ ਮਿਟੂ ਨਿਸ਼ਾਨ ਕਿੱਦਾਂ।
ਸੰਪਰਕ: 0061 469 976214