ਪਿੰਡ ਪਰਤੇ ਤਾਂ. . .- ਅਮਰਜੀਤ ਟਾਂਡਾ
Posted on:- 07-04-2015
ਪਿੰਡ ਪਰਤੇ ਤਾਂ ਕਿੱਥੋਂ ਲੱਭਾਂਗੇ
ਬਾਪੂ ਦਾ ਉਸਾਰਿਆ ਅੰਬਰ
ਲੋਗੜੀ ਛੱਤ ਮਾਂ
ਸੰਦੂਕ 'ਚ ਸਾਂਭਿਆ ਮੋਹ
ਕੰਧਾਂ ’ਤੇ ਲਿੱਪਿਆ ਇਤਿਹਾਸ
ਨੰਗਿਆਂ ਪੈਰਾਂ ਦਾ ਸਫ਼ਰ
ਪਲਕਾਂ ’ਤੇ ਟਿਕਿਆ ਹਨੇਰਾ
ਤੇ ਹੰਝੂਆਂ ਦਾ ਦਰਿਆ
ਰਾਤ ਦਿਨਾਂ ਵਰਗੇ ਯਾਰ
ਕਿੱਥੋਂ ਲੱਭਾਂਗੇ...
ਗਲੀਆਂ ਰਾਹਾਂ ਚੋਂ
ਪੈੜ੍ਹਾਂ ਵੀ ਉਡ ਗਈਆਂ ਹੋਣੀਆਂ
ਆ ਕੇ ਮੁੜ੍ਹ ਗਿਆ ਹੋਣਾ
ਬੂਹੇ ਨੂੰ ਜ਼ਿੰਦਰਾ ਦੇਖ
ਮਾਸੀ ਭੂਆ ਮਾਮੀ ਵਰਗਾ ਪਿਆਰ
ਬੰਦ ਬੂਹਿਆਂ ਨੂੰ ਦੇਖ
ਕਿਹੜਾ ਰੁਕਦਾ ਹੈ ਭਿਖਾਰੀ
ਕੌਣ 'ਵਾਜ਼ ਮਾਰਦਾ ਹੈ
ਸੁੱਖ ਸਾਂਦ ਪੁੱਛਣ ਲਈ ਜੰਗਾਲੇ ਕੁੰਡਿਆਂ ਨੂੰ
ਸੁੱਕੀਆਂ ਪਿਆਸੀਆਂ ਬੇਰੀਆਂ
ਤੇ ਅਮਰੂਦਾਂ ਦੇ ਰੁੱਖਾਂ 'ਤੇ ਕਿਹੜਾ ਪੰਛੀ
ਆਸ ਲੈ ਕੇ ਆਉਂਦਾ ਹੈ
ਗੂੜ੍ਹੀਆਂ ਗੁਆਚੀਆਂ ਛਾਂਵਾਂ
ਰੁੱਖਾਂ ਦੀਆਂ ਮੂਰਤਾਂ ਦੇ ਨਕਸ਼ਾਂ 'ਚੋਂ ਨਹੀਂ ਲੱਭਦੀਆਂ
ਘਰਾਂ ਦੀਆਂ ਛੱਤਾਂ ਤੇ ਹੁਣ ਤਾਂ
ਰਹਿ ਗਏ ਹੋਣੇ ਹਨੇਰਿਆਂ ਦੇ ਅੰਬਾਰ
ਬੱਦਲੀਆਂ ਵੀ ਵਸਦਿਆਂ ਘਰਾਂ ਤੇ ਹੀ
ਰਿਮਝਿਮ ਵਰ੍ਹਸਦੀਆਂ ਨੇ
ਕਬਰਾਂ ਦੇ ਰੁੱਖ
ਅੱਜਕੱਲ੍ਹ ਪਰਛਾਂਵੇਂ ਵੀ ਨਹੀਂ ਸਾਂਭਦੇ
ਏਨਾ ਬਚਪਨ ਖੇਡਿਆ ਸੀ
ਖ਼ਬਰੇ ਕਿਹੜੀ ਕਲਜੋਗਣ ਖਾ ਗਈ ਹੈ
ਨਾ ਹੀ ਕੋਈ ਸਿਰ ਪਲੋਸਣ ਜੋਗੀ
ਪਿੰਡ 'ਚ ਸ਼ਾਮ ਬਚੀ ਹੈ
ਤੇ ਨਾ ਹੀ ਕੀ ਹਾਲ ਆ ਜੁਆਨਾਂ ਕਹਿ ਕੇ
ਹਾਲ ਚਾਲ ਪੁੱਛਣ ਵਾਲਾ ਬੁੱਢਾ ਵਕਤ
ਕਿੰਨਾ ਨਿਰਮੋਹ ਹੋ ਗਿਆ ਹੈ ਸਮਾਂ
ਪਿੰਡ ਨੂੰ ਜੇ ਕੋਈ ਜਾਵੇ
ਤਾਂ ਕਿੰਨੇ ਕੁ ਲੈ ਕੇ ਜਾਵੇ ਅੱਥਰੂ
ਈ-ਮੇਲ: [email protected]