ਐੱਸ. ਸੁਰਿੰਦਰ ਦੀਆਂ ਦੋ ਕਾਵਿ-ਰਚਨਾਵਾਂ
Posted on:- 06-04-2015
ਮਹਿਰਮ ਕੋਈ ਮੋੜ ਲਿਆਵੇ
ਮਹਿਰਮ ਕੋਈ ਮੋੜ ਲਿਆਵੇ ਅੱਖਾਂ ਬਿਰਹਣ ਹੋਈਆਂ ਨੇ।
ਰਾਤੀਂ ਜਾਗਣ ਗਿਣਦੀਆਂ ਤਾਰੇ ਪੀੜਾਂ ਅੰਬਰ ਛੋਈਆਂ ਨੇ ।
ਦਿਲ ਝੱਲੇ ਦੇ ਅੰਦਰ ਸੱਜਣਾ ਲੱਖਾਂ ਹੀ ਦਰਦ ਲਕੋਏ ਨੇ ,
ਉਸ ਨਾ ਮੁੜ ਕੇ ਚਿੱਠੀ ਪਾਈ ਰੀਝਾਂ ਮੇਰੀਆਂ ਮੋਈਆਂ ਨੇ ।
ਜ਼ਿੰਦਗੀ ਹੋ ਗਈ ਥਲ ਦਾ ਰੇਤਾ ਸੁਪਨੇ ਦਰਦ ਪਰੋਏ ਨੇ !
ਦੁਨੀਆ ਸਾਰੀ ਵੈਰਨ ਮੇਰੀ ਕੂੰਕਾਂ ਮਰਜ਼ ਸਜੋਈਆਂ ਨੇ ।
ਕਰ ਕੇ ਢੋਲਾ ਯਾਦ ਅਸਾਂ ਨੇ ਖੂਹ ਅੱਖਾਂ ਦਾ ਜੋਇਆ ਵੇ ,
ਦਿਲ ਦੀ ਮੈਨਾ ਰੋਂਦੀ ਹਾਏ,ਇਸ਼ਕ ਨੇ ਨਬਜ਼ਾਂ ਟੋਈਆਂ ਨੇ ।
ਸੁਰਿੰਦਰ ਕਿਸ ਨੂੰ ਹਾਲ ਸੁਣਾਵਾਂ, ਮਨ ਦਾ ਮੀਤ ਨਾ ਲੱਭਾ ਵੇ ,
ਕਲਮ ਨੇ ਛੇੜੇ ਦਰਦ ਕਸੀਦੇ ਯਾਦਾਂ ਸ਼ਬਦ ਪਰੋਈਆਂ ਨੇ ।
****
ਵਿਸਾਖੀ
ਵਾਢੀ ਕਣਕਾਂ ਨੂੰ ਪਾਈ ਏ ।
ਆਸਾਂ ਦੇ ਚਿਰਾਗ ਜਗ ਪਏ , ਰੰਗ ਮਿਹਨਤ ਲਿਆਈ ਏ
।
ਕਣਕਾਂ ਨਿਸਰ ਪਈਆਂ ।
ਮੁੜ ਆ ਪਿੰਡ ਆਪਣੇ , ਤੈਨੂੰ ਗਲੀਆਂ ਵਿਸਰ ਗਈਆਂ ।
ਕਣਕਾਂ ਪੱਕ ਗਈਆਂ ।
ਤੂੰ ਨਾ ਆਇਆ ਵਤਨਾਂ ਨੂੰ , ਹਾੜਾ ਅੱਖੀਆਂ ਥੱਕ ਗਈਆਂ ।
ਢੋਲ ਮੇਲੇ ਵਿੱਚ ਵੱਜਦਾ ਏ ।
ਕਣਕਾਂ ਨੇ ਸੋਨੇ ਰੰਗੀਆਂ , ਤੱਕ ਦਿਲ ਨਾ ਰੱਜਦਾ ਏ ।
ਗੀਤ ਖੁਸ਼ੀਆਂ ਦਾ ਗਾਇਆ ਏ ।
ਢੋਲੀਆਂ ਨੇ ਪਿੜ੍ਹ ਮੱਲਿਆ , ਯਾਰਾ ਭੰਗੜਾ ਪਾਇਆ ਏ ।
ਵਿਸਾਖੀ ਸ਼ਗਨਾਂ ਦੀ ਆਈ ਏ ।
ਜੱਟਾ ਤੇਰੀ ਮਿਨਤ ਕਰਾਂ , ਲੌਂਗ ਨੱਕ ਨੂੰ ਕਰਾਈ ਵੇ ।
ਬੋਹਲ ਮੰਡੀ ਵਿੱਚ ਰੁਲਿਆ ਏ ।
ਕਰਜ਼ੇ 'ਚ ਜੱਟ ਡੁੱਬਿਆ , ਖ਼ੁਦਕਸ਼ੀਆਂ ਤੇ ਤੁਲਿਆ ਏ ।
ਪੰਜ ਪਾਣੀਆਂ ਦੀ ਖ਼ੈਰ ਹੋਵੇ ।
ਵੇਲ ਵਧੇ ਮਿੱਤਰਾਂ ਦੀ , ਗੂੜ੍ਹਾ ਦਿਲਾਂ ਵਿੱਚ ਪਿਆਰ ਹੋਵੇ ।
ਵਿਸਾਖੀ ਰਲ ਕੇ ਮਨਾਈ ਵੇ ।
ਸੂਰਜਾਂ ਦੁਆਵਾਂ ਨਿੱਘੀਆਂ , ਮੇਰੇ ਪਿੰਡ ਨੂੰ ਪੁਚਾਈ ਵੇ ।