ਗ਼ਜ਼ਲ - ਸੰਤੋਖ ਸਿੰਘ ਭਾਣਾ
Posted on:- 01-04-2015
ਨੈਣ ਸ਼ਰਬਤੀ ਜਦੋ ਸ਼ਰਾਰਤ ਕਰ ਜਾਂਦੇ ਨੇ।
ਦਿਲ ਦਾ ਸੱਖਣਾ ਸੱਖਣਾ ਵਿਹੜਾ ਭਰ ਜਾਂਦੇ ਨੇ।
ਜ਼ੇਰੇ ਵਾਲਾ ਹਰ ਮੁਸ਼ਕਿਲ ’ਚੋਂ ਲੰਘ ਜਾਂਦਾ ਹੈ,
ਪੱਤਣੀ ਬੈਠੇ ਰਹਿ ਜਾਂਦੇ ਜੋ ਡਰ ਜਾਂਦੇ ਨੇ।
ਆਸ਼ਕ ਬੰਦੇ ਇਸ਼ਕ ਪੁਗਾਉਂਦੇ ਏਦਾਂ ਦਾ,
ਉਹ ਤਾਂ ਕੱਚਿਆਂ ਘੜਿਆਂ ’ਤੇ ਵੀ ਤਰ ਜਾਂਦੇ ਨੇ।
ਸਾਡੇ ਕੋਲੇ ਭੇਤ ਰੱਖਣ ਦੀਆਂ ਖਾਹ ਕਸਮਾਂ,
ਕੋਲ ਰਕੀਬਾਂ ਉਹੀ ਗਿਟ ਮਿਟ ਕਰ ਜਾਂਦੇ ਨੇ।
ਬੱਦਲ ਬਣਕੇ ਸਾਡੇ ਘਰ ਤੇ ਉੱਡਦੇ ਜੋ,
ਉਲਫ਼ਤ ਦੀ ਬਾਰਸ਼ ਬਣ ਹੋਰੀਂ ਵਰ੍ਹ ਜਾਂਦੇ ਨੇ।
ਚੰਦ ਤੇ ਥੁੱਕਿਆਂ ਆਪਣੇ ਮੂੰਹ ਤੇ ਡਿੱਗਦਾ ਏ,
ਦੰਭੀ ਫਿਰ ਵੀ ਸੱਚ ਨੂੰ ਝੂਠਾ ਕਰ ਜਾਂਦੇ ਨੇ।
‘ਭਾਣੇ’ ਨੂੰ ਦੁਸ਼ਮਣ ਸਮਝੇ ਤੂੰ ਲੱਖ ਭਾਵੇ,
ਤੇਰੇ ਆਪਣੇ ਚਾਲਬਾਜ਼ੀਆਂ ਕਰ ਜਾਂਦੇ ਨੇ।
ਸੰਪਰਕ: +91 98152 96475