ਬਿੰਦਰ ਜਾਨ ਏ ਸਾਹਿਤ ਦੀਆਂ ਕੁਝ ਕਾਵਿ-ਰਚਨਾਵਾਂ
Posted on:- 30-03-2015
ਪੰਜਾਬ
ਮੇਰੇ ਹਿਰਦੇ ’ਚ ਰੰਗਲ ,
ਪੰਜਾਬ ਵਸਦਾ ...
ਜਦੋਂ ਚੜ੍ਹਦੀ ਸਵੇਰ
ਕੋਨਾ ਕੋਨਾ ਹੱਸਦਾ ...
ਰਿਮਝਿਮ ਲਾਵੇ ਸੌਣ
ਜਿੱਥੇ ਸੀਨਾ ਠਾਰੇ ਪੌਣ
ਪੋਹ ਫੱਗਣ ਬਸੰਤ ਰੰਗੇ
ਭੇਦ ਦਸਦਾ ...
ਮੇਲੇ ਲੱਗਦੇ ਨੇ ਨਿੱਤ
ਕਰੇ ਵੇਖਣ ਨੂੰ ਚਿੱਤ
ਮੇਲੇ ਜੋੜ ਕੇ ਟਰਾਲੀ
ਫੋਰਡ ਜਾਵੇ ਨੱਸਦਾ ...
ਚੱਲ ਬਿੰਦਰਾ ਪੰਜਾਬ
ਪੂਰੇ ਕਰ ਲੈ ਤੂੰ ਖਾਬ
ਰਹੁ ਯਾਦਾਂ ਵਾਲਾ ਨਾਗ
ਨਹੀਂ ਸੀਨਾ ਡੱਸਦਾ ...
****
ਤੋੜੇਂ ਮਸਜਿਦ ਤੋੜੇਂ ਮੰਦਰ
ਰੱਬ ਲੜਾਕਾ ਤੇਰੇ ਅੰਦਰ
ਮੂੰਹ ਤੇਰੇ ’ਤੇ ਭਜਨ ਬੰਦਗੀ
ਹੱਥ ਚ ਤੇਰੇ ਧਰਮੀ ਖੰਜਰ
ਬਾਗ ਮੁਹੱਬਤਾਂ ਵਾਲੇ ਸਾੜੇ
ਧਰਤੀ ਤੈਨੂ ਫੱਬਦੀ ਬੰਜਰ
ਵੇਖ ਵੇਖ ਕੇ ਖੁਸ਼ ਹੁੰਦਾ ਤੂੰ
ਚਾਰੇ ਪਾਸੇ ਮੌਤ ਦੇ ਮੰਜ਼ਰ
ਮੁਤਸਿਬ ਸੋਚਾਂ ਮਨੋ ਮਿਟਾਕੇ
ਹੋ ਜਾ ਬਿੰਦ੍ਰਾ ਮਸਤਕਲੰਦਰ
****
ਤਾਂਤ੍ਰਿਕ ਬਾਬੇ ਸਾਧ ਪਾਖੰਡੀ
ਇੰਡੀਆ ਉੱਤੇ ਛਾ ਗਏ ....
ਅਨਪੜ੍ਹ ਕਮਲੇ ਲੋਕਾਂ ਨੂੰ ਅੱਜ
ਲੁੱਟ ਲੁੱਟ ਕੇ ਖਾ ਗਏ ...
ਲੱਖ ਸਮਝਾਏ ਕੋਈ ਨਾ ਮੰਨੇ
ਧੂੜ ਅੱਖਾਂ ਵਿੱਚ ਪਾ ਗਏ ...
ਲੋਕੀ ਤਿਪ ਪਾਣੀ ਨੂੰ ਤਰਸਣ
ਬਾਬੇ ਦੁੱਧੀ ਨਹਾ ਗਏ ....
ਦੁਨੀਆ ਨੱਕ ਰਗੜ ਕੇ ਮੰਨੇ
ਬਾਬੇ ਓਡਰ ਲਾ ਗਏ ...
100 ਏਕੜ ਦਾ ਡੇਰਾ ਓਥੇ
ਜਿਥੇ ਪੀੜਾ ਡਾਹ ਗਏ ...
ਲੋਕੀ ਨ੍ਹੇਰ ਕੋਠੜੀ ਵਸਦੇ ...
ਬਾਬੇ ਦੁਨੀਆ ਗਾਹ ਗਏ
ਹੋਟਲ ਵਰਗੇ ਇਨ੍ਹਾਂ ਦੇ ਡੇਰੇ
ਸਾਡੇ ਕੱਚੇ ਢਾਹ ਗਏ ...
ਜਿਗਰ ਦੇ ਟੁਕੜੇ ਲੋਕੀ ਝਲੇ
ਡੇਰਿਆਂ ਉੱਤੇ ਬਿਠਾ ਗਏ
ਸਤ ਬਚਨ ਲੋਕਾਂ ਲਈ ਬਿੰਦ੍ਰਾ
ਬਾਬੇ ਹੁਕਮ ਚਲਾ ਗਏ ..
ਸੰਪਰਕ: 003 934 543
68549