ਅਸੀਂ ਭਗਤ ਸਿੰਘ ਦੇ ਕੀ ਲਗਦੇ ਹਾਂ? - ਉਂਕਾਰਪ੍ਰੀਤ
Posted on:- 26-03-2015
ਸਾਡੇ ਲਈ ਦੁਨੀਆਂ ਇੱਕ ਮਿੱਥ ਹੈ, ਦੇਸ਼ ਛਲਾਵਾ,
ਸਾਡੇ ਗੁਰ ਪੀਰਾਂ ਦਾ ਸਵਰਗ ਹੈ ਧਰਤੀਓਂ ਬਾਹਰਾ।
ਸੁੱਚੀ ਕਿਰਤ ਜਿਹਨਾਂ ਲਈ ਭਗਤੀ,
ਹੱਕਾਂ ਦੀ ਸੋਝੀ ਹੀ ਹੈ ‘ਰੱਬ’।
ਸਾਡੇ ਲਈ ਨੇ ਉਹ ‘ਨਾਸਤਿਕ’ ਸਭ।
ਭੁੱਖ, ਗਰੀਬੀ, ਲੁੱਟ, ਗੁਲਾਮੀਂ, ਰੱਬੀ ਭਾਣੇ ‘ਚ ਜਰਦੇ ਹਾਂ॥
ਅਸੀਂ ਭਗਤ ਸਿੰਘ ਦੇ ਕੀ ਲਗਦੇ ਹਾਂ?
ਮਾਰਕਸ ਸਾਡਾ ਰਾਜ-ਗੁਰੂ ਹੈ,
ਲੈਨਿਨ ਸਾਡਾ ਤਾਰਾ-ਧਰੂ ਹੈ।
ਸਰਮਾਏਦਾਰੀ ਨਾਲ ਰੱਖੀਏ ਭਿਆਲੀ
ਪੂੰਜੀਪਤੀਆਂ ਨਾਲ ਸਾਂਝੀ ਪਿਆਲੀ
ਰਜਵਾੜੀ ਜੁੰਡਲੀ ਦੇ ‘ਕਿੰਗ ਮੇਕਰ’ ਹਾਂ
ਕਿਰਤੀ ਹੱਕਾਂ ਦਾ ਵਣਜ ਵਪਾਰ ਕਰਦੇ ਹਾਂ॥
ਅਸੀਂ ਭਗਤ ਸਿੰਘ ਦੇ ਕੀ ਲਗਦੇ ਹਾਂ?
ਅਸੀਂ ਭਗਤ ਸਿੰਘ ਦੇ ਵਾਰਸ ਸਕੇ ਸੋਦਰੇ
ਉਸਦੇ ਬੁੱਤ ਦੇ ਸਿਰ ਤੇ
ਪੱਗ ਹੋਣ ਜਾਂ ਨਾ ਹੋਣ ਨਾਲ ਵੱਧਦੇ ਘਟਦੇ ਹਾਂ॥
ਅਸੀਂ ਭਗਤ ਸਿੰਘ ਦੇ ਕੀ ਲਗਦੇ ਹਾਂ?
ਲੇਖਕ, ਚਿੰਤਕ, ਸਿਆਸੀ, ਕਲਾਕਾਰ ਹਾਂ
‘ਇਨਕਲਾਬ’ ਲਈ ਦਿਸਦੇ ਪੱਬਾਂ ਭਾਰ ਹਾਂ
ਪਰ ਜਿਸ ਨਿਜ਼ਾਮ, ਇੰਤਜ਼ਾਮ ਤੋਂ ਆਵਾਜ਼ਾਰ ਹਾਂ
ਉਸ ਕੋਲੋਂ ਤਮਗ਼ੇ-ਦੁਸ਼ਾਲੇ ਲੈਂਦੇ ਨਾ ਥੱਕਦੇ ਹਾਂ॥
ਅਸੀਂ ਭਗਤ ਸਿੰਘ ਦੇ ਕੀ ਲਗਦੇ ਹਾਂ?
ਸਾਡੇ ਪਿੰਡ ਬੰਦਾ, ਬੰਦੇ ਨੂੰ ਖਰੀਦ ਰਿਹਾ ਹੈ,
ਮਜ਼ਦੂਰ ਦੀਵੇ ‘ਚ ਖੂੰਨ ਅਪਣਾ ਬਾਲਦਾ ਹੈ।
ਫਿਰ ਕਰਜ਼ਈ ਕਿਸਾਨ ਕਿਸੇ ਫਾਹਾ ਲਿਆ ਹੈ,
ਆਹ! ਬਾਲਾਂ ਦੇ ਟੁੱਕਰ ਲਈ, ਫਿਰ ਵਿਕੀ ਇੱਜ਼ਤ ਕੋਈ।
ਅਸੀਂ ਆਪੋ ਅਪਣੇ ਘਰੀਂ ‘ਠੀਕ ਠਾਕ’ ਵਸਦੇ ਹਾਂ॥
ਅਸੀਂ ਭਗਤ ਸਿੰਘ ਦੇ ਕੀ ਲਗਦੇ ਹਾਂ?
ਭਗਤ ਸਿੰਘ ਦਾ ਦਿੱਤਾ ਮੁਕਤੀ ਬੀਜ
ਉਸਦੇ ਹੀ ਬੁੱਤ ਵਿਚ ਦਫਨਾ ਚੁੱਕੇ ਹਾਂ।
ਸੂਹੀ ਸੱਚੀ 23-ਮਾਰਚ, 32-ਮਾਰਚ ਬਣਾ ਚੁੱਕੇ ਹਾਂ ॥
ਹੁਣ…
ਅਮਰੀਕਾ ਸਾਡਾ ‘ਬਾਪੂ’ ਹੈ
ਇੰਗਲੈਂਡ ਹੈ ਮਾਈ
ਡਾਲਰਾਂ ਦੇ ਹਾਂ ਪੁੱਤ ਅਸੀਂ
ਪੌਂਡਾ ਦੇ ਭਾਈ
‘ਰਾਜ਼ੀ-ਖੁਸ਼’, ‘ਆਜ਼ਾਦ’ ਵਸਦੇ ਹਾਂ॥
ਅਸੀਂ ਭਗਤ ਸਿੰਘ ਦੇ ਕੀ ਲੱਗਦੇ ਹਾਂ?