ਸ਼ਹੀਦ ਭਗਤ ਸਿੰਘ ਦੀ ਸੋਚ - ਬਲਜਿੰਦਰ ਮਾਨ
Posted on:- 26-03-2015
ਫੈਲੀਆਂ ਜੋ ਕੁਰੀਤੀਆਂ ਇੱਥੇ ਰਲ਼ਕੇ ਸਭ ਮੁਕਾਈਏ
ਦੇਸ਼ ਪਿਆਰ ਦਾ ਜਜ਼ਬਾ ਯਾਰੋ ਮਨ ਦੇ ਵਿਚ ਵਸਾਈਏ।
ਭਗਤ ਸਿੰਘ ਦੀ ਸੋਚ ਦਾ ਉਸਾਰੀਏ ਵਤਨ ਪਿਆਰਾ
ਸਮਦਰਸ਼ੀ ਬਣਕੇ ਸਭ ਲਈ ਕਰੀਏ ਯਤਨ ਨਿਆਰਾ।
ਸੌੜੀ ਸੋਚ ਤੇ ਵੈਰ ਵਿਰੋਧ ਮਨਾਂ ਦੇ ਵਿਚੋਂ ਭੁਲਾਈਏ...
ਦੇਸ਼ ਦੀ ਖਾਤਰ ਸੋਹਣੇ ਗੱਭਰੂ ਵਾਰ ਗਏ ਜੋ ਜਾਨਾਂ
ਦੇਸ਼ ਭਗਤਾਂ ਦੀ ਨੇਕ ਕਮਾਈ ਲੁੱਟ ਲਈ ਕੁਝ ਸ਼ੈਤਨਾਂ।
ਨਿੱਗਰ ਸੋਚ ਤੇ ਦੇਸ਼ ਪ੍ਰੇਮੀ ਆਗੂ ਅਸੀਂ ਲਿਆਈਏ…
ਜਾਤ ਪਾਤ ਤੇ ਧਰਮ ਦੇ ਪਿੱਛੇ ਕਰਦੇ ਜੋ ਲੜਾਈਆਂ
ਸਾਨੂੰ ਕਿਹੜੇ ਧਰਮਾ ਨੇ ਇਹੋ ਗਲਾਂ ਸਿਖਾਈਆਂ।
ਹਰ ਵਾਸੀ ਦੇ ਮਨ ਮੰਦਰ ਵਿਚ ਮਨੁੱਖਤਾ ਜੋਤ ਜਗਾਈਏ…
ਦੇਸ਼ ਮੇਰੇ ਦੀ ਆਨ ਆਬਰੂ ਲੁੱਟਦੇ ਜੋ ਲੁਟੇਰੇ
ਪੀੜੀ ਨਵੀਂ ਨੇ ਸਭ ਮੁਕਾਉਣੇ ਫਸਲੀ ਜੋ ਬਟੇਰੇ।
ਬਣਕੇ ਬਾਗ ਦੇ ਮਾਲੀ ਬੁਟਾ ਇਮਾਨਦਾਰੀ ਦਾ ਉਗਾਈਏ….
‘ਮਹਿਮਦਵਾਲੀਆ’ ਰੱਖਣਾ ਪੈਣਾ ਸਭ ਦਾ ਹੁਣ ਖਿਆਲ
‘ਮਾਨ’ ਦੇਸ਼ ਦੀ ਧਨ ਦੌਲਤ ਦੀ ਕਰੀਏ ਅਸੀਂ ਸੰਭਾਲ।
ਬਣਕੇ ਦੇਸ਼ ਦੇ ਸੱਚੇ ਰਾਖੇ ਦੇਸ ਦੀ ਸ਼ਾਨ ਵਧਾਈਏ…
ਸੰਪਰਕ: +91 98150 18947