ਇਸ਼ਕ ਦੀ ਬਲੀ -ਹਰਜਿੰਦਰ ਸਿੰਘ ਗੁਲਪੁਰ
Posted on:- 24-03-2015
ਇੰਟਰਨੈੱਟ ਦੇ ਰੱਸਿਆਂ ਨਾਲ ਨੂੜੀ,
ਜਵਾਨੀ ਕਮਲੀ ਤੇ ਰਾਜ ਹੈ "ਚੂਚਕੇ" ਦਾ
ਅੱਖ ਰਖਦਾ ਅੰਬਰ ਦੇ ਆਹਲਣੇ ਚੋਂ ,
ਉੱਡਦੀ ਚਿੜੀ ਤੇ ਬਾਜ਼ ਹੈ "ਚੂਚਕੇ"ਦਾ
ਉਦੋਂ ਬਸਤੀਆਂ ਦੇ ਵਿਚ ਰੁਦਨ ਹੁੰਦਾ,
ਜਦੋਂ ਆਉਂਦਾ ਜਹਾਜ਼ ਹੈ "ਚੂਚਕੇ"ਦਾ
"ਭੇਡਾਂ" ਬੇਲੇ ਚ ਜਿੰਨੇ ਵੀ ਚਾਰਦੇ ਨੇ,
ਹਰ ਕੋਈ ਮੁਹਤਾਜ ਹੈ "ਚੂਚਕੇ"ਦਾ
ਜਿਹਨੂੰ ਆਪਣਾ ਸਮਝ ਕੇ ਕਰਨ ਰਾਖੀ,
ਸਾਰਾ ਕੰਮ ਤੇ ਕਾਜ ਹੈ "ਚੂਚਕੇ"ਦਾ
ਬਿਨਾਂ ਪਾਵਿਓਂ ਬੈਠ ਕੇ ਤਖਤ ਉੱਤੇ,
ਰੱਖਿਆ ਸਿਰਾਂ ਤੇ ਤਾਜ ਹੈ "ਚੂਚਕੇ" ਦਾ
ਕੁੱਟ ਮਾਰ ਕੇ ਘਰਾਂ ਨੂੰ ਤੋਰ ਦਿੰਦਾ,
ਬੜਾ ਗਲਤ ਰਿਵਾਜ ਹੈ "ਚੂਚਕੇ" ਦਾ
ਸਭ ਨੂੰ ਪੈਂਦਾ ਜੋ ਸਾਲ ਦਰ ਸਾਲ ਭਰਨਾ,
ਬੜਾ ਭਾਰੀ ਵਿਆਜ ਹੈ "ਚੂਚਕੇ"ਦਾ,
ਸੰਗਤ ਨਿਤ ਪ੍ਰਸ਼ਾਦ ਦੇ ਵਾਂਗ ਖਾਂਦੀ,
ਚੜਿਆ ਹੋਇਆ ਨਿਆਜ਼ ਹੈ "ਚੂਚਕੇ"ਦਾ
ਫਿਰ ਵੀ ਲੰਬੀ ਕਤਾਰ ਹੈ ਵਾਗੀਆਂ ਦੀ,
ਜਿਹਨਾਂ ਖੋਲਿਆ ਰਾਜ਼ ਹੈ "ਚੂਚਕੇ"ਦਾ
ਕਿਵੇਂ ਬੇਲੇ ਚ ਇਸ਼ਕ ਦੀ ਬਲੀ ਦੇਣੀ,
ਦੱਸਦਾ ਤਾਨ ਵਿਚ ਸਾਜ ਹੈ "ਚੂਚਕੇ"ਦਾ
ਸੰਪਰਕ: 0061 469 976214