ਤੇਈ ਮਾਰਚ -ਹਰਜਿੰਦਰ ਸਿੰਘ ਗੁਲਪੁਰ
Posted on:- 23-03-2015
ਤੈਥੋਂ ਬਾਅਦ ਜਦ ਦੇਸ਼ ਆਜ਼ਾਦ ਹੋਇਆ,
ਨੇਤਾ ਆਪਣੇ ਰੰਗ ਦਿਖਾਉਣ ਲੱਗੇ।
ਗਲਬਾ ਪਾਉਣ ਦੇ ਲਈ ਸ਼ਹਾਦਤਾਂ ’ਤੇ,
ਆਪਣੇ ਪਾਲੇ ’ਚ ਤੈਨੂੰ ਲਿਆਉਣ ਲੱਗੇ।
ਹੈਟ ਵਾਲੀ ਤਸਵੀਰ ’ਤੇ ਸ਼ੱਕ ਕਰ ਕੇ,
ਤੇਰੇ ਸੀਸ ’ਤੇ ਪੱਗ ਟਿਕਾਉਣ ਲੱਗੇ।
ਵੇਚਣ ਵਾਸਤੇ ਚੋਣਾਂ ਵਿਚ ਨਾਮ ਤੇਰਾ,
ਤੇਰੇ ਨਾਮ ਦਾ ਸਿੱਕਾ ਚਲਾਉਣ ਲੱਗੇ।
ਰਾਜ ਗੁਰੂ ਸੁਖਦੇਵ ਤੋਂ ਅੱਡ ਕਰਕੇ,
ਤੈਨੂੰ ਪੰਥ ਦੇ ਖਾਤੇ ਵਿੱਚ ਪਾਉਣ ਲੱਗੇ।
ਖਤਮ ਕਰਨ ਲਈ ਤੇਰੀ ਵਿਚਾਰਧਾਰਾ,
ਤੈਨੂੰ ਰੱਬਾਂ ਦਾ ਭਗਤ ਬਣਾਉਣ ਲੱਗੇ।
ਤੇਈ ਮਾਰਚ ਨੂੰ ਤੇਰੀ ਸਮਾਧ ਉੱਤੇ,
ਮਗਰਮੱਛਾਂ ਦੇ ਹੰਝੂ ਵਹਾਉਣ ਲੱਗੇ।
ਤੇਰੀ ਸੋਚ ਤੋਂ ਭਗਤ ਸਿੰਹਾਂ ਖੌਫ਼ ਖਾਕੇ,
ਤੇਰਾ ਰੰਗ ਤੇ ਰੂਪ ਬਦਲਾਉਣ ਲੱਗੇ।
ਲੋਕ ਮਨਾਂ ਦੀ ਹੇਠਲੀ ਤਹਿ ਅੰਦਰ,
ਸਦਾ ਅਮਰ ਤੂੰ ਲੋਕਾਂ ਦਾ ਨਾਇਕ ਬਣਕੇ।
ਤੇਰੇ ਬੁੱਤਾਂ ਨੂੰ ਫੁੱਲਾਂ ਦੇ ਹਾਰ ਪਾਉਂਦੇ,
ਪਰਤ ਜਾਂਦੇ ਨੇ ਸਦਾ ਖਲਨਾਇਕ ਬਣਕੇ।
ਸੰਪਰਕ: 0061 469 976214