ਸੁਰਿੰਦਰ ਢੰਡਾ ਦੀਆਂ ਕੁਝ ਕਾਵਿ-ਰਚਨਾਵਾਂ
Posted on:- 23-03-2015
ਤੇਰਾ ਮੇਰਾ ਰਿਸ਼ਤਾ ਕੋਈ,
ਆਵੇ ਮੈਨੂੰ ਚੇਤਾ ਕੋਈ।
ਉਹ ਕਿਉਂ ਭੁੱਲੀ ਬੈਠਾ ਹੈ ਜੋ
ਉਸਨੇ ਵਾਅਦਾ ਕੀਤਾ ਕੋਈ।
ਤੂੰ ਖ਼ਤ ਲਿਖ ਦੇਵੀਂ ਮੇਰੇ ਨਾਂ,
ਜੇ ਹੈ ਮੇਰਾ ਚੇਤਾ ਕੋਈ।
ਕਾਲਾ ਖਾਂਦੇ ਚਿੱਟਾ ਖਾਂਦੇ,
ਖਾਂਦੇ ਬਜਰੀ ਰੇਤਾ ਕੋਈ।
ਗੰਗਾ ਗੰਦੀ ਪਾਣੀ ਚੰਗਾ,
ਉਹ ਰੋਜ਼ ਪੜ੍ਹੇ ਗੀਤਾ ਕੋਈ।
ਹੁਣ ਰਾਮ ਬੜਾ ਹੀ ਖੁਸ਼ ਹੋਵੇ,
ਦੇਖੇ ਸੜਦੀ ਜਦ ਸੀਤਾ ਕੋਈ।
ਢੰਡਾ ਉਹ ਕਿਉਂ ਨ ਸਮਝਦਾ ਹੈ,
ਕਿੰਝ ਸਬਰ ਮੈਂ ਕੀਤਾ ਕੋਈ।
***
ਰੱਬਾ ਮੇਰਾ ਮੀਤ ਬਣਾ,
ਹਰ ਪਲ ਗਾਵਾਂ ਗੀਤ ਬਣਾ।
ਪਾ ਲਾਂ ਯਾਦਾਂ ਤੇਰੀਆਂ,
ਆਪਣੇ ਗਲ਼ 'ਚ ਤਵੀਤ ਬਣਾ।
ਮਿੱਠੇ ਬੋਲ ਬਖ਼ਸ਼ ਮੌਲਾ,
ਪਾਣੀ ਵਾਂਗਰ ਸ਼ੀਤ ਬਣਾ।
ਦੁਖ ਲੱਗੇ ਜਦ ਹਰ ਜਾਂਦੇ,
ਰੱਬਾ ਸਭ ਦੀ ਜੀਤ ਬਣਾ।
ਧੀਆਂ ਨੂੰ ਸਮਝਣ ਧੀਆਂ,
ਐਸੀ ਰੱਬਾ ਨੀਤ ਬਣਾ।
ਟੁੱਟੇ ਰਿਸ਼ਤੇ ਜੁੜ ਜਾਵਣ,
ਲੋਕਾ ਕੋਈ ਰੀਤ ਬਣਾ।
ਮੰਨ ਹਰਿਕ ਦੇ ਅੰਦਰ ਉਹ,
ਟੋਲੇਂ ਫੇਰ ਮਸੀਤ ਬਣਾ।
***
ਕਰ ਲੈ ਤੂੰ ਚਾਹੇ ਬਦਨਾਮ ਸ਼ਰੇਆਮ,
ਹੋਵੇਗਾ ਤੇਰਾ ਵੀ ਨਾਮ ਸ਼ਰੇਆਮ।
ਰੱਬਾ ਦੁੱਧ ਅਤੇ ਪਾਣੀ ਕਰ ਬੇਕਾਰ,
ਰੋਲ਼ੀ ਜਾਂਦੇ ਤੇਰਾ ਨਾਮ ਸ਼ਰੇਆਮ।
ਦਿੱਤਾ ਜਾਂਦਾ ਹੈ ਨਾਮ ਸਭਿਆਚਾਰ,
ਲੱਚਰ ਗੀਤਾਂ ਨੂੰ ਹੁਣ ਆਮ ਸ਼ਰੇਆਮ।
ਸੀਤਾ ਹਰਣ ਕਰੇ ਵੀ ਜੇ ਰਾਵਣ ਅੱਜ,
ਬੋਲੇ ਨਾ ਚੁੱਪ ਰਹੇ ਰਾਮ ਸ਼ਰੇਆਮ।
ਮੈਂ ਉੱਥੋਂ ਦਾ ਹਾਂ ਜਿੱਥੇ ਲੋਕਾਂ ਕੋਲ,
ਹੈ ਇੱਕੋ ਹੱਲ ਲਗਾ ਜਾਮ ਸ਼ਰੇਆਮ।
***
ਮੰਦਰ, ਗਿਰਜਾ ਘਰ ਜਾਂਦਾ ਹੈ,
ਖ਼ੌਰੇ ਕਿਸ ਤੋਂ ਡਰ ਜਾਂਦਾ ਹੈ।
ਲਾਸ਼ਾਂ ਵਾਂਗਰ ਜਿਉਂਦਾ ਹੈ ਜੋ,
ਮਰ ਮਰ ਕੇ ਫਿਰ ਮਰ ਜਾਂਦਾ ਹੈ।
ਲੇਖਾਂ ਵਿਚ ਕੀ ਲਿਖ ਦਿੱਤਾ ਹੈ,
ਪੁੱਛਣ ਗੂੰਗੇ ਦਰ ਜਾਂਦਾ ਹੈ।
ਮੰਗਾਂ ਅੱਲਾ ਨੂੰ ਇੰਝ ਕਰੇ,
ਸ਼ੌਪਿੰਗ ਕਿਸੇ ਘਰ ਜਾਂਦਾ ਹੈ।
ਰੋਗ ਲਗਾ ਪਰਦੇਸੀ ਹੋਇਆ,
ਗੱਲਾਂ ਯਾਦੀਂ ਕਰ ਜਾਂਦਾ ਹੈ।
***
ਪਹਿਲਾ ਤੇ ਆਖ਼ਿਰੀ ਨਾਂ ਮਾਂ,
ਤੇਰੇ ਬਰਾਬਰ ਨਾ ਨਾਂ ਮਾਂ।
ਐਨੇ ਮੇਰੇ ਕੋਲ ਸ਼ਬਦ ਨਹੀਂ ਕਿ,
ਤੇਰੀ ਸਿਫ਼ਤ ਲਿਖ ਦਿਆਂ ਮਾਂ।
ਝੂਠੀ ਦੁਨੀਆਂ ਝੂਠੇ ਲੋਕ ਨੇ,
ਪੂਜ ਲਓ ਸੱਚੀ ਹੈ ਥਾਂ ਮਾਂ।
ਕਿੰਝ ਚੁਕਾਵਾਂ ਕਰਜ਼ ਤੇਰਾ,
ਲੱਗਣ ਮੇਰੀਆਂ ਉਮਰਾਂ ਮਾਂ।
ਤੇਰੇ ਨਾਲ ਹੀ ਸਭ ਕੁਝ ਹੈ,
ਮੰਗਾਂ ਤੇਰੇ ਲਈ ਦੁਆਵਾਂ ਮਾਂ।
ਹਰ ਜਨਮ ਹੀ ਤੇਰਾ ਬੱਚਾ ਹੋਵਾਂ,
ਹਰ ਜਨਮ ਤੂੰ ਮੇਰੀ ਮਾਂ ਮਾਂ।
ਮਾਂ ਦਾ ਪਿਆਰ ਕੋਈ ਨਾ ਦੇਵੇ,
ਸੁਰਿੰਦਰਾ ਤੈਨੂੰ ਦੱਸਦੇ ਆਂ ਮਾਂ।
***
ਆਪਣੀ ਸੋਚ ਬਦਲ ਕੇ ਦੇਖ,
ਬੰਦਿਸ਼ 'ਚੋਂ ਨਿੱਕਲ ਕੇ ਦੇਖ।
ਅਪਣੇ ਵਰਗਾ ਬਣਾ ਲੈਂਦਾ,
ਉਸਦੇ ਨਾਲ ਚੱਲ ਕੇ ਦੇਖ।
ਕੀ ਫ਼ਰਕ ਕੌੜੇ ਬੋਲਾਂ ਦਾ,
ਬੁੱਲਾਂ ਨੂੰ ਫਿਰ ਸਿਲ ਕੇ ਦੇਖ।
ਉਹਦੇ ਅੰਦਾਜੇ ਨ ਲਾ ਤੂੰ,
ਚੰਗਾ ਹੈ ਉਹ ਮਿਲ ਕੇ ਦੇਖ।
ਮੁੱਲ ਮਹਿਕ ਦਾ ਪਤਾ ਲੱਗੇ,
ਫੁੱਲਾਂ ਵਾਂਗਰ ਖਿਲ ਕੇ ਦੇਖ।
***
ਚੇਤਾ ਆਉਂਦੈ ਤੇਰਾ ਆ ਜਾ,
ਦਿਲ ਨੀ ਲੱਗਦਾ ਮੇਰਾ ਆ ਜਾ।
ਲਾਈ ਲੱਗ ਜਨਤਾ ਬੈਠੀ ਹੈ,
ਚੱਲ ਬਣਾਈਏ ਡੇਰਾ ਆ ਜਾ
ਰਾਹਾਂ ਵਿੱਚ ਰੁਲ਼ਦੀ ਪੱਤ ਅਕਸਰ,
ਕੇਰਾਂ ਬਣਕੇ ਜ਼ੇਰਾ ਆ ਜਾ।
ਚੱਲ ਛੱਡ ਹੁਣ ਤੂੰ ਆ ਜਾ ਚਾਹੇ,
ਬਣਕੇ ਦੁਸ਼ਮਣ ਮੇਰਾ ਆ ਜਾ।
ਅਪਣੀ ਲੌ ਫੈਲਾ ਹਰ ਪਾਸੇ,
ਮੁੱਕ ਜਾਏ ਇਹ 'ਨੇਰਾ ਆ ਜਾ।
ਇੱਕ ਸਮੰਦਰ ਇੱਕ ਤੂੰ ਇੱਕ ਮੈਂ,
ਦੇਖੋ ਕਿਸਦਾ ਜ਼ੇਰਾ ਆ ਜਾ।
ਮੁਕ ਨਾ ਜਾਵਾਂ ਉਡੀਕਦਿਆਂ,
ਚੇਤਾ ਕਰਕੇ ਮੇਰਾ ਆ ਜਾ।
***
ਮੇਰੇ ਵਾਂਗਰ ਉਹ ਵੀ ਗੁੱਸਾ ਕਰ ਸਕਦਾ ਹੈ,
ਜੇ ਮੈਂ ਡਰ ਸਕਦਾ ਹਾਂ ਉਹ ਵੀ ਡਰ ਸਕਦਾ ਹੈ।
ਮੇਰਾ ਪਰਛਾਂਵਾਂ ਵੀ ਮਰ ਜਾਵੇਗਾ ਇਕ ਦਿਨ,
ਜੇ ਮੈਂ ਮਰ ਸਕਦਾ ਹਾਂ ਉਹ ਵੀ ਮਰ ਸਕਦਾ ਹੈ।
ਉਹ ਵੀ ਕਦਮ ਕਦਮ ਤੇ ਹੀ ਗਲਤੀ ਕਰਦਾ ਹੈ,
ਮੇਰੇ ਵਰਗਾ ਹੀ ਹੈ ਕਿਉਂ ਨੀ ਕਰ ਸਕਦਾ ਹੈ।
ਉਸਦੇ ਬਾਰੇ ਹੀ ਕਿਉਂ ਤੂੰ ਸੋਚੇਂ ਹਰ ਵੇਲੇ,
ਜਿਸ ਦੇ ਹੋਣ ਨ ਕਰਕੇ ਵੀ ਜਦ ਸਰ ਸਕਦਾ ਹੈ।
ਮੁਹੱਬਤ ਕਦੇ ਕੱਚੀਆਂ ਤੇ ਨੀ ਚੱਲ ਸਕੀ,
ਪਾਰ ਲਗਾਵਣ ਨੂੰ ਪੱਕੇ ਤੇ ਤਰ ਸਕਦਾ ਹੈ।
ਉਹ ਕਹਿ ਦਿੰਦਾ ਹੈ ਭੁੱਲ ਗਏ ਹੋ ਸਾਨੂੰ ਜੀ,
ਇਹ ਦਿਲ ਦੀ ਮਰਜੀ ਹੈ ਕਦ ਕੀ ਕਰ ਸਕਦਾ ਹੈ।
ਹਰ ਵੇਲੇ ਕਿਉਂ ਬੱਚੇ ਵਾਂਗਰ ਗੱਲ ਕਰੇ ਉਹ,
ਜਦ ਗੱਲ ਸਮਝਦਾਰੀ ਵਾਲੀ ਵੀ ਕਰ ਸਕਦਾ ਹੈ।
***
ਮਾਂ
ਮੈਂ ਵੀ
ਇਸ ਦੁਨੀਆਂ 'ਤੇ
ਆਉਣਾ ਚਾਹੁੰਦੀ ਹਾਂ
ਭੈਣ ਤੇ ਵੀਰ ਲਈ
ਗੀਤ ਸ਼ਗਨਾਂ ਦੇ
ਗਾਉਣਾ ਚਾਹੁੰਦੀ ਹਾਂ
ਪੜ੍ਹ ਲਿਖ ਕੇ
ਮਾਪਿਆਂ ਦਾ ਨਾਂ
ਕਰਨਾ ਚਾਹੁੰਦੀ ਹਾਂ
ਦਿਲਬਰ ਨੂੰ
ਦਿਲ ਦੀ ਗੱਲ
ਕਹਿਣਾ ਚਾਹੁੰਦੀ ਹਾਂ
ਤੇਰੇ ਵਾਂਗ ਮਾਂਏ
ਸਹੁਰੇ ਘਰ ਮੈਂ
ਜਾਣਾ ਚਾਹੁੰਦੀ ਹਾਂ
ਪਰ...
ਕੀ ਇਹ ਹੋ ਸਕਦਾ ਹੈ?
ਮੈਂ ਦੁਨੀਆਂ 'ਤੇ ਆਵਾਂ
ਗੀਤ ਸ਼ਗਨਾਂ ਦੇ ਗਾਂਵਾਂ
ਉੱਚਾ ਨਾਂ ਕਰ ਜਾਂਵਾਂ
ਦਿਲ ਦੀ ਗੱਲ ਸੁਣਾਂਵਾਂ
ਸਹੁਰੇ ਘਰ ਜਾਂਵਾਂ
ਮਾਂ ਤੂੰ ਹੈਂ
ਬਾਬਲ ਹੈ
ਹੈ ਸਮਾਜ ਵੀ
ਤੇ ਭੈੜੀਆਂ ਛਾਂਵਾਂ
ਦੱਸ ਮਾਂ ਮੈਂ ਕਿਵੇਂ
ਇਸ ਦੁਨੀਆਂ 'ਤੇ ਆਵਾਂ....
***
ਕੁੜੀ ਹਾਂ ਮੈਂ
ਸੋਹਣੀ ਜਿਹੀ
ਮੈਨੂੰ ਰੱਬ ਸਜਾਇਆ
ਮੇਰਾ ਕੀ ਕਸੂਰ
ਲਛਮੀ ਹਾਂ
ਪਰ ਰਸਮੀ ਹਾਂ
ਲੇਖਾਂ ਦਾ ਲਿਖਾਇਆ
ਮੇਰਾ ਕੀ ਕਸੂਰ
ਸਾਡੇ ਵਿਹੜੇ
ਚਾਹ ਸੀ ਜਿਸਦੀ
ਫੁੱਲ ਨਾ ਉਹ ਖਿੜ ਪਾਇਆ
ਮੇਰਾ ਕੀ ਕਸੂਰ
ਖਿਡਾਉਣੇ ਤਾਂ
ਦੋਨੋ ਇੱਕੋ ਜਹੇ
ਕੋਈ ਸਮਝ ਨਾ ਪਾਇਆ
ਮੇਰਾ ਕੀ ਕਸੂਰ
ਮੇਰੇ ਲਈ
ਮੇਰੇ ਮਾਪਿਆਂ ਨੂੰ
ਮੇਰਾ ਕਾਤਿਲ ਬਣਾਇਆ
ਮੇਰਾ ਕੀ ਕਸੂਰ
***
ਉਹ ਸਾਏ ਤੋਂ ਡਰ ਜਾਂਦਾ ਹੈ,
ਚਾਹੇ ਅਪਣੇ ਘਰ ਜਾਂਦਾ ਹੈ।
ਉਸਦੀ ਗੱਲ ਕੋਈ ਨਾ ਕਰਦਾ,
ਘਰ ਨੂੰ ਜੋ ਬੇਘਰ ਜਾਂਦਾ ਹੈ।
ਤੂੰ ਇਸਨੂੰ ਸਮਝਾ ਨੀ ਸਕਦਾ,
ਦਿਲ ਹੈ ਦਿਲ ਤਾਂ ਹਰ ਜਾਂਦਾ ਹੈ।
ਉਹ ਕੀ ਸੁੱਖ ਪਾਵੇਗਾ ਜੋ,
ਮਾਪੇ ਛੱਡ ਹਰ ਦਰ ਜਾਂਦਾ ਹੈ।
ਉਸਨੂੰ ਕੋਈ ਸਮਝਾ ਦੇਵੋ,
ਮਿਲਦੇ ਹੀ ਕੀ ਕਰ ਜਾਂਦਾ ਹੈ।
ਪੂਰੇ ਗਿਣਕੇ ਲਿਖਦਾ ਹੈ ਪਰ,
ਸ਼ਬਦਾਂ 'ਚੋਂ ਬਾਹਰ ਜਾਂਦਾ ਹੈ।
ਉਸਦਾ ਹੋਣਾਂ ਮੰਨ ਜਾਂਵਾਂ ਮੈਂ,
ਜੇ ਉਹ ਕੁਝ ਸੱਚ ਕਰ ਜਾਂਦਾ ਹੈ।
ਤੈਨੂੰ ਵੀ ਕੋਈ ਦਿਸਦਾ ਹੈ,
ਐਵੇਂ ਨੀ ਬਾਹਰ ਜਾਂਦਾ ਹੈ।
ਸੁਰਿੰਦਰ ਨੂੰ ਜੋ ਵੀ ਦੱਸਦੇ ਹਾਂ,
ਉਸ ਤੋਂ ਉਲਟਾ ਕਰ ਜਾਂਦਾ ਹੈ।
ਸੰਪਰਕ: +91 95306 44022
Palwinder kaur pali
All r superb jio