ਕੋਕੇ ਲੋਹੇ ਦੇ - ਹਰਜਿੰਦਰ ਸਿੰਘ ਗੁਲਪੁਰ
Posted on:- 07-03-2015
ਸੱਚੀ ਗੱਲ ਅਤੀਤ ਦੇ ਗਰਭ ਅੰਦਰ,
ਸਦਾ ਨਕਸ਼ ਭਵਿੱਖ ਦੇ ਘੜੇ ਜਾਂਦੇ।
ਲੈਟਾਂ ਵਾਲਿਆਂ ਤੋਂ ਸਰਕਾਰ ਡਰਦੀ,
ਮੁਰਦੇ ਜਿਉਂਦਿਆਂ ਤੋਂ ਨਹੀਂ ਫੜੇ ਜਾਂਦੇ।
ਫੇਸ ਬੁੱਕ ਤੇ ਧਾਰਮਿਕ ਯੁੱਧ ਹੁੰਦਾ,
ਨਾਲ ਟੱਲਾਂ ਦੇ ਛਣਕਦੇ ਕੜੇ ਜਾਂਦੇ।
ਜੇਕਰ ਮਨਾਂ 'ਚ ਆਈ ਖੜੋਤ ਹੁੰਦੀ,
ਯੁੱਧ ਤਰਜ ਪੁਰਾਣੀ ਤੇ ਲੜੇ ਜਾਂਦੇ।
ਦੂਜੇ ਲੋਕਾਂ ਦੇ ਸਿਰਾਂ ਦਾ ਨਾਪ ਲੈਕੇ,
ਤਾਜ ਆਪਣੇ ਸਿਰਾਂ ਤੇ ਜੜੇ ਜਾਂਦੇ।
ਜੋੜੋ "ਵਹੀ" 'ਚ ਉਨਾਂ ਚੜਾਵਿਆਂ ਨੂੰ,
ਜਿਹੜੇ ਬੋਰੀਆਂ ਦੇ ਵਿਚ ਸੜੇ ਜਾਂਦੇ।
ਹੁੱਬ ਹੁੱਬ ਕੇ ਕਰਨ ਵਿਚੋਲਗਿਰੀਆਂ,
ਪਰ ਜਗ ਤੋਂ ਛੜੇ ਦੇ ਛੜੇ ਜਾਂਦੇ।
ਜਦੋਂ ਬੱਸ ਵਿਚ ਆਮ ਨੂੰ ਸੀਟ ਮਿਲਦੀ,
ਔਖੇ ਹੁੰਦੇ ਨੇ ਖਾਸ ਜੋ ਖੜੇ ਜਾਂਦੇ।
ਲੋਹਾ ਕੁੱਟਾਂ ਦੇ ਨਾਲ ਜੇ ਸਾਂਝ ਹੁੰਦੀ,
ਕੋਕੇ ਲੋਹੇ ਦੇ ਸੋਨੇ ਵਿਚ ਜੜੇ ਜਾਂਦੇ।
ਸੳਪਰਕ: oo61 469 976214