ਗ਼ਜ਼ਲ - ਸੰਤੋਖ ਸਿੰਘ ਭਾਣਾ
Posted on:- 06-03-2015
ਸੁੰਨੀਆਂ ਸੁੰਨੀਆਂ ਸੜਕਾਂ ਮੇਰੇ ਸ਼ਹਿਰ ਦੀਆਂ।
ਬਹੁਤ ਡਰਾਉਣੀਆਂ ਰਾਤਾਂ ਪਿਛਲੇ ਪਹਿਰ ਦੀਆਂ।
ਪੁੱਛੋਗੇ ਸਿਰਨਾਵਾਂ ਮੇਰਾ ਕੀਹਦੇ ਤੋਂ,
ਆਪਣਿਆਂ ਦੇ ਬਗਲੀਂ ਛੁਰੀਆਂ ਵੈਰ ਦੀਆਂ।
ਗੱਲ ਕਰੋਗੇ ਜਦ ਵੀ ਉਗਦੇ ਸੂਰਜ ਦੀ,
ਉਹਨਾਂ ਕਰਨੀਆਂ ਤਪਦੀ ਸਿਖਰ ਦੁਪਹਿਰ ਦੀਆਂ।
ਗਲੀਆਂ ਵਿੱਚ ਜੋ ਦਿਸਦੇ ਬੜੇ ਸ਼ਰੀਫ਼ ਜਿਹੇ,
ਪੱਲੇ ਬੰਨ੍ਹੀ ਫਿਰਦੇ ਪੁੜੀਆਂ ਜ਼ਹਿਰ ਦੀਆਂ।
ਵਰ੍ਹਿਆਂ ਦੀ ਯਾਰੀ ਨੂੰ ਸੱਜਣਾ ਭੁੱਲ ਗਿਉਂ,
ਪੁੱਠੀਆਂ ਸਿੱਧੀਆਂ ਗੱਲਾਂ ਸੁਣ ਕੇ ਗ਼ੈਰ ਦੀਆਂ।
‘ਭਾਣੇ’ ਨੇ ਨਹੀਂ ਧਾਰਿਆ ਹੈ, ਉਸਤਾਦ ਕੋਈ,
ਸਮਝੂ ਕਿੰਜ ਬਰੀਕੀਆਂ ਵਜ਼ਨ ਤੇ ਬਹਿਰ ਦੀਆਂ।
ਸੰਪਰਕ: +91 98152 96475