ਗ਼ਜ਼ਲ - ਆਰ.ਬੀ.ਸੋਹਲ
Posted on:- 28-02-2015
ਪੱਥਰ ਦਿਲ ਜਦ ਬਣ ਗਏ ਨੇ ਫੁੱਲਾਂ ਵਰਗੇ ਯਾਰ ਤੋਂ ।
ਹੁਣ ਨਾ ਲਗਦਾ ਮੈਂ ਬਚਾਂਗਾ ਆਪਣਿਆਂ ਦੇ ਵਾਰ ਤੋਂ ।
ਫੁੱਲ ਸਦਾ ਖਿੜਦੇ ਹੀ ਰਹਿੰਦੇ ਕੈਕਟਸਾਂ ਦੇ ਨਾਲ ਵੀ,
ਪਿਓਂਦ ਮੈਂ ਖੁਸ਼ੀਆਂ ਦੀ ਲਾਵਾਂ ਡਰ ਨਹੀਂ ਹੁਣ ਖਾਰ ਤੋਂ ।
ਜ਼ਿੰਦਗੀ ਸੰਗਰਾਮ ਹੈ ਤੇ ਜਿੱਤ ਵੀ ਸੰਗਰਾਮ ਦੀ,
ਮੰਜ਼ਿਲਾਂ ਨੂੰ ਪਾ ਹੀ ਲੈਂਦੇ ਡਰਦੇ ਨਾ ਜੋ ਹਾਰ ਤੋਂ ।
ਰੁੱਸ ਨਾ ਜਾਵਣ ਗੀਤ ਮੇਰੇ ਸਜਦੇ ਮੈਂ ਕਰਦਾ ਰਹਾਂ,
ਗਲ ਲਗਾ ਕੇ ਗੁਨਗੁਨਾਵਾਂ ਰੂਹ ਦੀ ਹਰ ਇੱਕ ਤਾਰ ਤੋਂ ।
ਤਲਖੀਆਂ ਦੁਸ਼ਵਾਰੀਆਂ ਹੀ ਉਮਰ ਭਰ ਸਹਿੰਦੇ ਰਹੇ,
ਜ਼ਿੰਦਗੀ ਪਰ ਝੁਕ ਨਾ ਸਕਦੀ ਹੁਣ ਦੁੱਖਾਂ ਦੇ ਭਾਰ ਤੋਂ ।
ਦਰਦ ਸਾਨੂੰ ਮਿਲ ਗਏ ਨੇ ਸ਼ਾਇਰੀ ਦੇ ਵਾਸਤੇ,
ਸ਼ਿਅਰ ਮੇਰੇ ਸਜ ਗਏ ਨੇ ਹਰਫ਼ ਲੈ ਕੇ ਪਿਆਰ ਤੋਂ ।
ਅੱਗ ਦੇ ਸੰਗ ਪਿਆਰ ਸਾਡਾ ਹੰਝੂਆ ਸੰਗ ਦੋਸਤੀ,
ਸ਼ੌਕ ਸਾਡਾ ਸਦਕੇ ਜਾਵੇ ਹਰ ਨਵੇਂ ਅੰਗਿਆਰ ਤੋਂ ।
ਵੇਖ ਕੇ ਹੁਣ ਦਰਦ ਮੇਰਾ ਗਮ ਨੇ ਹੱਸਣਾ ਸਿਖ ਲਿਆ,
ਸਿਖ ਲਏ ਖੁਸ਼ੀਆਂ ਨੇ ਗਮ ਬਿਰਹਾ ਕਿਸੇ ਮੁਟਿਆਰ ਤੋਂ ।
ਈ-ਮੇਲ: [email protected]