ਵਤਨ ਦੇ ਭੇਦ -ਹਰਜਿੰਦਰ ਸਿੰਘ ਗੁਲਪੁਰ
Posted on:- 25-02-2015
ਦਿਨ ਰਾਤ ਜਸੂਸੀਆਂ ਹੁੰਦੀਆਂ ਨੇ,
ਸ਼ਰੇਆਮ ਜੈ ਚੰਦਾਂ ਦੇ ਦੇਸ਼ ਅੰਦਰ।
ਮਾਵਾਂ ਸੌਂਦੀਆਂ ਕਾਲਜਾ ਹਥ ਲੈ ਕੇ,
ਬਾਪੂਮਾਰ ਫ਼ਰਜੰਦਾਂ ਦੇ ਦੇਸ਼ ਅੰਦਰ।
ਹਰ ਇੱਕ ਥਾਂ ਤੋਂ ਹੈ ਘੁਸਪੈਠ ਹੁੰਦੀ,
ਕੱਖੋਂ ਹੌਲੀਆਂ ਕੰਧਾਂ ਦੇ ਦੇਸ਼ ਅੰਦਰ।
ਮੋਢੇ ਉੱਤੇ ਸਟਾਰ ਝੱਟ ਲਗ ਜਾਂਦਾ,
ਹਥੀਂ ਚਾੜੇ ਗਏ ਚੰਦਾਂ ਦੇ ਦੇਸ਼ ਅੰਦਰ।
ਨਹੀਂ ਲੋਕਾਂ ਨੂੰ ਸੁਖ ਦਾ ਸਾਹ ਆਉਂਦਾ।
ਤੋੜ ਫੋੜ ਤੇ ਬੰਦਾਂ ਦੇ ਦੇਸ਼ ਅੰਦਰ।
ਨੀਅਤ ਨੰਗ ਨੇਤਾਵਾਂ ਦੇ ਕਾਰਨੇ ਹੀ,
ਪਿਆ ਗੰਦ,ਸੁਗੰਧਾਂ ਦੇ ਦੇਸ਼ ਅੰਦਰ।
ਨਿੱਤ ਨਚਦੇ ਭੂਤਨੇ ਖੇਸ ਲੈ ਕੇ,
ਟੁੱਟੀਆਂ ਕਚੀਆਂ ਤੰਦਾਂ ਦੇ ਦੇਸ਼ ਅੰਦਰ।
ਲੱਗੇ ਸੇਲ ਤੇ ਵਤਨ ਦੇ ਭੇਦ ਸਾਰੇ,
ਜਰਾਸੰਧਾਂ, ਮਸੰਦਾਂ ਦੇ ਦੇਸ਼ ਅੰਦਰ।
ਸੰਪਰਕ: 0061 469 976214