ਮਾਂਝੀ ਸਰਕਾਰ - ਹਰਜਿੰਦਰ ਸਿੰਘ ਗੁਲਪੁਰ
Posted on:- 21-02-2015
ਲਾਰਿਆਂ ਦੀ ਹੋਲੀ ਰਹੇ ਨੇਤਾ ਲੋਕ ਖੇਡਦੇ,
ਘੱਟ ਨੀ ਗੁਜ਼ਾਰੀ ਕਿਸੇ ਪਛੜੇ ਬਿਹਾਰ ਨਾਲ।
ਚੋਣਾਂ ਵਾਲੇ ਦਿਨੀਂ ਨੇਤਾ ਦੱਬੇ ਪੈਰੀਂ ਆਂਵਦੇ,
ਕਰਦਾ ਸ਼ਿਕਾਰੀ ਜਿਵੇਂ ਸਦਾ ਹੀ ਸ਼ਿਕਾਰ ਨਾਲ।
ਲਾਲੂ ਵਾਲੀ ਲਾਲਟੈਣ ਫੜੀ ਹਥ ਪੰਜੇ ਨੇ।
ਆ ਗਿਆ ਨਤੀਸ਼ ਲੈਕੇ ਕਮਲ ਦੇ ਖਾਰ ਨਾਲ।
ਸਤਾ ਦੀ ਚੜਾਈ ਵਿਚ ਹਫੇ ਸਾਰੇ ਸੂਰਮੇ,
ਲੈ ਕੇ ਸਾਰੇ ਚੱਲਦੇ ਨੇ ਬੁੱਢੇ ਤੇ ਬੀਮਾਰ ਨਾਲ।
ਜਿੱਤ ਵਾਲਾ ਰਾਣੀਹਾਰ ਸਾਰੇ ਪਾਉਣਾ ਲੋਚਦੇ,
ਰਾਜਨੀਤੀ ਚਲਦੀ ਹੈ ਸਦਾ ਜਿੱਤ ਹਾਰ ਨਾਲ।
ਕਾਗਜ਼ ਦੇ ਬੇੜੇ ਉਦੋਂ ਬੜੇ ਯਾਦ ਆਉਂਦੇ ਨੇ,
ਡੁੱਬਦੀ ਹੈ ਬੇੜੀ ਜਦੋਂ ਫੁੱਲਾਂ ਜਿੰਨੇ ਭਾਰ ਨਾਲ।
ਪੈਰ ਪੈਰ ਉੱਤੇ ਜਿਥੇ ਖੜੇ ਨੇ ਜਗੀਰਦਾਰ,
ਉਥੇ ਕੌਣ ਮੰਨਦਾ ਹੈ ਗੱਲ ਕੋਈ ਪਿਆਰ ਨਾਲ।
ਬਿਨਾਂ ਸਿਖਲਾਈ ਜਿਹੜਾ ਚੜ ਜਾਂਦਾ ਘੋੜੇ ਉੱਤੇ,
ਬਹੁਤ ਬੁਰੀ ਹੁੰਦੀ ਉਸ ਘੋੜ ਅਸਵਾਰ ਨਾਲ।
ਜਿਹਦੇ ਵਿਚ ਮੋਦੀ ਬਣ ਥਾਣੇਦਾਰ ਬੋਲਦਾ ਸੀ,
ਬੜੀ ਮਾੜੀ ਹੋਈ ਦੇਖੋ ਮਾੰਝੀ ਸਰਕਾਰ ਨਾਲ।
ਸੰਪਰਕ: 0061 469 976214