ਗ਼ਜ਼ਲ - ਪਰਮਿੰਦਰ ਸਿੰਘ
Posted on:- 14-02-2015
ਬਿਨਾਂ ਤੇਰੇ ਇਕੱਲੇ ਜੀ ਕੇ ਪਿਆਰੇ ਵੇਖ ਚੁੱਕਾ ਹਾਂ
ਕਿਤੋਂ ਹਾਸੇ ਨਹੀਂ ਮਿਲਦੇ ਉਧਾਰੇ ਵੇਖ ਚੁੱਕਾ ਹਾਂ
ਕਿਸੇ ਦੀ ਯਾਦ ਵਿਚ ਕਿੰਨੀਆਂ ਵੀ ਰਾਤਾਂ ਜਾਗ ਕੇ ਕੱਟੋ
ਨਹੀਂ ਭਰਦੇ ਗਵਾਹੀ ਚੰਨ ਤਾਰੇ ਵੇਖ ਚੁੱਕਾ ਹਾਂ
ਕਿਸੇ ਦੇ ਗ਼ਮ ਨੂੰ ਵੰਡਣ ਵਾਸਤੇ ਕੋਈ ਕੁਝ ਨਹੀਂ ਕਰਦਾ
ਜੇ ਕਰਦੇ ਨੇ ਤਾਂ ਬਸ ਗੱਲਾਂ ਹੀ ਸਾਰੇ ਵੇਖ ਚੁੱਕਾ ਹਾਂ
ਇਸ਼ਕ ਵਿਚ ਰਾਤ ਭਰ, ਵਿਚ ਸੁਪਨਿਆਂ ਦੇ, ਭੂਰ ਡਿਗਦੀ ਏ
ਇਹ ਸਾਨੂੰ ਰਾਸ ਨ੍ਹੀਂ ਆਉਂਦੇ ਫੁਹਾਰੇ ਵੇਖ ਚੁੱਕਾ ਹਾਂ
ਹੈ ਜੰਗ ਇਹ ਜ਼ਿੰਦਗੀ ਤੇ ਕੱਲ੍ਹਿਆਂ ਹੀ ਜੂਝਣਾ ਪੈਂਦੈ
ਇਹ ਝੂਠੇ ਨੇ ਜੋ ਦਿਸਦੇ ਨੇ ਸਹਾਰੇ ਵੇਖ ਚੁੱਕਾ ਹਾਂ
ਦਿਲਾਂ ਨੂੰ ਕਿਉਂ ਜਵਾਨੀ ਵਿਚ ਕੁਝ ਵੀ ਸਮਝ ਨਹੀਂ ਆਉਂਦਾ
ਇਹ ਵਿਗੜੇ ਹੋਰ ਵੀ ਜਿੰਨੇ ਸੁਧਾਰੇ ਵੇਖ ਚੁੱਕਾ ਹਾਂ
ਜਿਹਨਾਂ ਨੇ ਮਿਹਨਤਾਂ ਛੱਡ ਡੋਰ ਕਿਸਮਤ ਹੱਥ ਦੇ ਦਿੱਤੀ
ਕਿਵੇਂ ਉਹ ਜਿੱਤੀ ਹੋਈ ਬਾਜ਼ੀ ਹਾਰੇ ਵੇਖ ਚੁੱਕਾ ਹਾਂ
ਤੁਸੀਂ ਵੀ ਵੇਖ ਲਵੋ ਕਰ ਕੇ ਕੋਸ਼ਿਸ਼ ਤਾਂ ਇਕ ਵਾਰੀ
ਅਸੀਂ ਤਾਂ ਵਕਤ ਨੇ ਹੱਥੋਂ ਹਾਂ ਮਾਰੇ, ਵੇਖ ਚੁੱਕਾ ਹਾਂ
ਕਿਸੇ ਨੂੰ ਨਾਖ਼ੁਦਾ ਹੀ ਵਿਚ ਸਮੁੰਦਰ ਛੱਡ ਜੇ ਦੇਵੇ
ਨਹੀਂ ਲਗਦੇ ਕਦੇ ਵੀ ਉਹ ਕਿਨਾਰੇ ਵੇਖ ਚੁੱਕਾ ਹਾਂ
ਝਲਕ ਹਰ ਮੋੜ ਤੇ ਦਿੰਦੀ ਤਾਂ ਹੈ ਇਹ ਜ਼ਿੰਦਗੀ ਚਾਹੇ
'ਅਜ਼ੀਜ਼' ਉਹ ਸਮਝ ਨਹੀਂ ਆਉਂਦੇ ਇਸ਼ਾਰੇ ਵੇਖ ਚੁੱਕਾ ਹਾਂ
ਈ-ਮੇਲ: [email protected]
Sandeep Baghla
Well done dear