...ਤੁਮਾਰੇ ਲੇਖੇ ! - ਹਰਜਿੰਦਰ ਸਿੰਘ ਗੁਲਪੁਰ
Posted on:- 09-02-2015
ਪਿੰਗਲਵਾੜਾ ਪੂਰਨ ਹੈ,
ਤੇ ਪੂਰਨ ਪਿੰਗਲਵਾੜਾ ਹੈ,
ਉਹ ਨੀਵਾਂ ਹੋ ਕੇ ਉੱਚਾ ਸੀ,
ਹਰ ਉੱਚਾ ਨੀਵਾਂ ਹੁੰਦਾ ਨੀ,
ਤਾਹੀਂ ਦੁਨੀਆ ਦਾਰੀ ਅੰਦਰ ਵੀ,
ਪਿਆ ਨਵੀਂ ਕਿਸਮ,
ਦਾ ਪਾੜਾ ਹੈ
ਜਿਥੇ "ਵੱਡੇ" ਅਲਖ,
ਜਗਾਉਂਦੇ ਨੇ
ਮੰਗਣ ਦੀ ਕਲਾ ਚ,
ਮਾਹਰ ਬੜੇ,
ਜੋ ਫਸਲ ਪੱਕੀ ਤੋਂ ਆਉਂਦੇ ਨੇ,
ਉਹ ਧਰਮ ਸਥਾਨਾਂ ਵਿਚ
ਰਹਿ ਕੇ ਵੀ ,
ਬਰਸ਼ੇ ਤੇ ਛਵੀਆਂ ਰਖਦੇ ਨੇ,
ਉਹ ਟਿਚ ਸਮਝਦੇ ਬਾਣੀ ਨੂੰ,
ਪਰ "ਪੂਰੇ"ਸੰਤ ਕਹਾਉਂਦੇ ਨੇ.
ਇੱਕ ਜੇਬ ਚ ਪਾਕੇ ਰਾਜਨੀਤੀ,
ਦੂਜੀ ਵਿਚ ਮਾਇਆ ਪਾ ਲੈਂਦੇ,
ਫੇਰ ਵੜ ਕੇ ਸ਼ਾਮੀ ਭੋਰੇ ਵਿਚ,
ਸੰਗਤ ਨੂੰ ਨਾਮ ਜਪਾਉਂਦੇ ਨੇ
ਸੰਗਤ ਦਾ ਜਨਮ ਸੰਵਾਰਨ ਲਈ,
ਗੱਪਾਂ ਦਾ ਮੀਂਹ ਵਰਸਾ ਦਿੰਦੇ,
ਇਹ ਜਨਮ ਤੁਮਾਰੇ ਲੇਖੇ ਕਹਿ ਕੇ,
ਸਭ ਆਪਣੀ ਜੇਬ ਚ ਪਾਉਂਦੇ ਨੇ
ਮਾਇਆ ਨੂੰ ਨਾਗਣ ਕਹਿੰਦੇ ਨੇ,
ਪਰ ਚੋਲਾ ਬੜਾ ਸੁਆ ਲੈਂਦੇ,
ਫੜ ਫੜ ਕੇ ਬਚੇ ਨਾਗਣ ਦੇ,
ਇਸ ਚੋਲੇ ਹੇਠ ਲੁਕਾਉਂਦੇ ਨੇ
ਇਹ ਸਭ ਤੋਂ ਵੱਡਾ ਖਤਰਾ ਨੇ,
ਪਰ ਸਿਖ ਨਹੀਂ ਪਹਿਚਾਣ ਸਕੇ,
ਤਾਹੀਂ ਠੋਕ ਠੋਕ ਕੇ ਟੀਕੇ ਇਹ,
ਹਰ ਜਣੇ ਖਣੇ ਨੂੰ ਲਾਉਂਦੇ ਨੇ.
ਇਹ ਲੁੱਟਣ ਦੇ ਲਈ ਸੰਗਤ ਨੂੰ,
ਇੱਕ ਨਵਾਂ ਸ਼ਗੂਫਾ ਛੱਡ ਦਿੰਦੇ
ਫਿਰ ਆਪ ਅਖਾੜਾ ਪੁੱਟਣ ਲਈ,
ਚਾਂਦੀ ਦੀ ਕਹੀ ਬਣਾਉਂਦੇ ਨੇ,
ਜਦ ਇਨਕਮ ਟੈਕਸ ਦੇ ਨਾਂ ਉੱਤੇ,
ਖਾਕੀ ਦਾ ਗੇੜਾ ਵੱਜਦਾ ਹੈ,
ਫਿਰ ਸੰਤ ਵੀ ਕੂਕਰ ਬਣ ਬਣ ਕੇ,
ਪੈਰਾਂ ਵਿਚ ਪੂਛ ਹਿਲਾਉਂਦੇ ਨੇ.
ਸਦਾ ਕਹਿੰਦੇ ਨੇ ਪ੍ਰਵਚਨਾਂ ਵਿਚ,
ਗੁਰੂ ਡੰਮ ਦੇ ਅੱਗੇ ਝੁਕਣਾ ਨੀ,
ਭੋਰੇ ਵਿਚ ਸੱਦ ਕੇ ਭਗਤਾਂ ਨੂੰ,
ਇਹ ਪੈਰਾਂ ਵਿਚ ਝੁਕਾਉਂਦੇ ਨੇ.
ਥਾਂ ਥਾਂ ਤੇ ਮਹਿਲ ਉਸਾਰ ਲਏ,
ਲੁੱਟ ਲੁੱਟ ਕੇ ਭੇਟਾ ਕਿਰਤਾਂ ਦੀ,
ਕਈ ਲੁੱਟੇ ਪੁੱਟੇ,ਵਹਿਮਾਂ ਦਾ,
ਗਲ ਪੈ ਗਿਆ ਢੋਲ ਵਜਾਉਂਦੇ ਨੇ.
ਨਹੀਂ ਪਤਾ ਸ਼ਹਾਦਤ ਕੀ ਹੁੰਦੀ,
ਉਂਗਲ ਨੂੰ ਲਹੂ ਲਵਾ ਲੈਂਦੇ,
ਨਾਂ ਲੈ ਕੇ ਫੇਰ ਸ਼ਹੀਦਾਂ ਦਾ,
ਕਈ ਟੂਣੇ ਤੱਕ ਕਰਵਾਉਂਦੇ ਨੇ.
ਜਦੋਂ ਮਹਿਕ ਫੁੱਲਾਂ ਦੀ ਆ ਜਾਂਦੀ,
ਫਿਰ ਖਾਰਾਂ ਨੂੰ ਕੋਈ ਪੁਛਦਾ ਨੀ,
ਕਹਿੰਦੇ ਇਸੇ ਮਹਿਕ ਬਦੌਲਤ ਹੀ,
ਆ ਭੌਰੇ ਡੇਰਾ ਲਾਉਂਦੇ ਨੇ
ਦੁਖ ਦਿੰਦੇ ਰਹਿੰਦੇ ਕੁਦਰਤ ਨੂੰ,
ਧਰਤੀ ਦੇ ਉੱਤੇ ਭਾਰ ਬਣੇ,
ਇਹ ਚੌਵੀ ਘੰਟੇ ਸੌਂਦੇ ਨੇ,
ਰਾਤਾਂ ਨੂੰ ਲੋਕ ਜਗਾਉਂਦੇ ਨੇ,
ਇੱਕ ਪਿੰਡ ਦੇ ਵਿਚ ਮਹਿਫੂਜ ਨਹੀ,
ਜੋ ਘਰ ਦੇ ਅੰਦਰ ਰਹਿੰਦਾ ਹੈ,
ਕਈ ਦੋਸਤ ਬੜੇ ਹੀ ਸ਼ਾਤਰ ਨੇ,
ਲੁਕ ਲੁਕ ਕੇ ਤੀਲੀ ਲਾਉਂਦੇ ਨੇ
ਸੰਪਰਕ: 0061 469 976214