ਲੰਘ ਨਾ ਜਾਵੀਂ ਦਰ ਇਹ ਅੜਿਆ -ਅਮਰਜੀਤ ਟਾਂਡਾ
Posted on:- 08-02-2015
ਲੰਘ ਨਾ ਜਾਵੀਂ ਦਰ ਇਹ ਅੜਿਆ
ਚਿਰ ਤੋਂ ਏਥੇ ਉਡੀਕ ਪਈ ਹੈ
ਗੀਤ ਨੇ ਚੱਲਦੇ ਸਾਹਾਂ ਦੇ ਵਿਚ
ਸੀਨੇ 'ਤੇ ਇੱਕ ਲੀਕ ਪਈ ਹੈ
ਨਦੀ ਕਿਨਾਰੇ ਰੇਤ ਦੇ ਉੱਤੇ
ਨਾਂ ਲਿਖੇ ਸਨ ਉੱਡ ਗਏ ਹੋਣੇ
ਪਰ ਪਾਣੀ ਦੀ ਲਹਿਰ ਲਹਿਰ ’ਤੇ
ਬਹੁਤ ਪੁਰਾਣੀ ਪਰੀਤ ਪਈ ਹੈ
ਕੀ ਮੁਹੱਬਤ ਦਾ ਮਜ਼੍ਹਬ ਹੈ
ਕੀ ਲਿਖਿਆ ਤਾਰਿਆਂ ਉੱਤੇ
ਕੀ ਚੂਰੀ ਦੀ ਲਜ਼ਤ ਹੁੰਦੀ
ਵੰਝਲ ਦੇ ਨਾਲ ਰੀਤ ਪਈ ਹੈ
ਸੁੰਘ ਗਏ ਹੋਣੇ ਸੂਹੇ ਫੁੱਲ ਉਹ
ਛੁਹ ਗਏ ਹੋਣੇ ਗੁਲਾਬੀ ਬੁੱਲ੍ਹ ਉਹ
ਪਹਿਲ ਵਰੇਸ ਉਮਰ ਵਰਗੀ
ਪੈੜਾਂ ਵਿਚ ਤਾਰੀਖ਼ ਪਈ ਹੈ