ਨੀਤੀ ਸਾਸ਼ਤਰ - ਹਰਜਿੰਦਰ ਸਿੰਘ ਗੁਲਪੁਰ
Posted on:- 28-01-2015
ਜੋ ਕੰਮ ਹੈ ਚੋਰ ਉਚੱਕਿਆਂ ਦਾ,
ਉਹ ਡੇਰਿਆਂ ਵਾਲੇ ਕਰਦੇ ਨੇ
ਟੰਗ ਛਿੱਕੇ ਧਰਮ ਗ੍ਰੰਥਾਂ ਨੂੰ,
ਪਬ ਰਾਜ ਨੀਤੀ ਵਿਚ ਧਰਦੇ ਨੇ
ਦਿਨ ਵੇਲੇ ਚਿੱਟੇ ਬਾਣੇ ਵਿਚ,
ਕੋਈ ਖੂੰਨੀ ਬਣਤ ਬਣਾ ਕੇ ਵੀ
ਹਰ ਸ਼ਾਮ ਰੰਗੀਨ ਬਣਾ ਲੈਂਦੇ,
ਨਾਲੇ ਚੌਂਕੀ ਪੂਰੀ ਭਰਦੇ ਨੇ
ਜਦੋਂ ਚੋਣਾਂ ਦੇ ਦਿਨ ਆਉਂਦੇ ਨੇ,
ਇਹਨਾਂ ਦੀ ਕਿਰਪਾ ਸਦਕਾ ਹੀ,
ਹਰ ਵਾਰੀ ਨੇਤਾ ਜਿੱਤ ਜਾਂਦੇ,
ਹਰ ਵਾਰੀ ਲੋਕੀਂ ਹਰਦੇ ਨੇ
ਇਹ ਚੰਗਾ ਚੋਸਾ ਖਾਂਦੇ ਨੇ,
ਤੇ ਕਾਬਜ ਹੋਣ ਜਮੀਨਾਂ ਤੇ,
ਦਿੱਤੇ ਸਸ਼ਤਰ ਹਥ ਗਰੀਬਾਂ ਦੇ,
ਤੇ ਗੁਰਬਤ ਮਾਰੇ ਮਰਦੇ ਨੇ,
ਲੋਕੀਂ ਦੂਰ ਭੋਰੇ ਤੋਂ ਹੁੰਦੇ ਨੇ,
ਪਰ "ਸੇਵਕ"ਭੋਰੇ ਵਿਚ ਹੁੰਦੇ,
ਇਥੇ ਲੁਚੇ ਸਭ ਤੋਂ ਉਚੇ ਨੇ,
ਤਾਹੀਂ ਸਾਊ ਹਰਦਮ ਡਰਦੇ ਨੇ
ਕਈ ਡਰ ਕੇ ਖਾਕੀ ਵਰਦੀ ਤੋਂ,
ਦਿਨ ਰਾਤ ਵਗਾਰਾਂ ਕਰਦੇ ਨੇ,
ਜਿਹੜੇ ਘੂਰਨ ਇਥੇ ਖਾਕੀ ਨੂੰ,
ਕਹਿੰਦੇ ਬੰਦੇ ਸਾਡੇ ਘਰਦੇ ਨੇ
ਕਹਿੰਦੇ ਹਲਕੇ ਕਾਗਜ ਕੰਕਰ ਵੀ,
ਆਖਰ ਕਾਰ ਨੂੰ ਡੁੱਬ ਜਾਂਦੇ,
ਇਸ ਦੇਸ਼ ਚ ਭਾਰੇ ਪਥਰ ਵੀ,
ਪਰ ਗੰਗਾ ਅੰਦਰ "ਤਰਦੇ"ਨੇ
ਗਊ ਮਾਤਾ ਧੱਕੇ ਖਾਂਦੀ ਹੈ,
ਕੋਈ "ਕੁੰਤੀਪੁਤਰ" ਪੁਛਦਾ ਨੀ
ਸਭ ਸਾਹਨ ਬੈਠੇ ਵਿਚ ਮੰਦਰਾਂ ਦੇ,
ਜੋ ਬਾਹਰ ਬਾਜਰਾ ਚਰਦੇ ਨੇ
ਸਭ ਸ਼ਾਤਰ ਖੜ ਕੇ ਬਾਰੀ ਵਿਚ,
ਹੱਸਦੇ ਇਨਸਾਫ਼ ਪਸੰਦਾਂ ਤੇ,
ਜੋ ਬਲੀ ਦੇ ਬੱਕਰੇ ਬਣ ਜਾਂਦੇ,
ਹਰ ਵਾਰ ਧੌਣ ਤੇ ਜਰਦੇ ਨੇ
ਜਿਥੇ ਲੋਹੇ ਦਾ ਹਰ ਕਚਰਾ ਤੱਕ,
ਇੱਕ ਸਾੰਚੇ ਦੇ ਵਿਚ ਢਲ ਜਾਂਦਾ,
ਲੋਹ ਪੁਰਸ਼ ਕਹਾਉਂਦੇ ਨੇਤਾ ਵੀ,
ਤੱਕੇ ਬਰਫ਼ ਵਾਂਗਰ ਖਰਦੇ ਨੇ
ਸਭ ਮੂੰਹ ਵਿਚ ਉਂਗਲਾਂ ਪਾ ਲੈਂਦੇ,
ਤੱਕ ਬਾਹਰੋਂ ਵੱਡੇ ਬੰਗਲੇ ਨੂੰ,
ਜੋ ਇੱਕ ਲਗਦਾ ਹੈ ਦੇਖਣ ਨੂੰ,
ਉਸ ਘਰ ਵਿਚ ਵੱਡੇ ਪਰਦੇ ਨੇ
ਕਈ ਵੱਡੇ ਵੱਡੇ ਨੇਤਾ ਵੀ,
ਬਣ ਜਾਂਦੇ ਬੈਂਗਣ ਥਾਲੀ ਦੇ,
ਨਾ ਉਹਨਾਂ ਤੇ ਇਤਬਾਰ ਕਰੋ,
ਜੋ ਸੇਵਕ ਹਰ ਇੱਕ ਦਰਦੇ ਨੇ
ਜੋ ਤਿੰਨਾਂ ਵਿਚ ਨਾ ਤੇਰਾਂ ਵਿਚ,
ਕਈ ਵਾਰੀ ਹਾਕਮ ਬਣ ਜਾਂਦੇ,
ਉਂਝ ਪਾਣੀ ਨਾਲੋਂ ਪਤਲੇ ਸੀ,
ਹੁਣ ਗੜਿਆਂ ਵਾਂਗੂ ਵਰਦੇ ਨੇ
ਸੰਪਰਕ: 0061 469 976214
Bikramjit Singh
Harjinder ji barhyan dukhdiyan ragan nu iss kavita wich shoia hai,Australia aa k samme da sadupyog,bahut wadhya ji.tuhade te kudrat mehrbaan hai tahin iho jihe vichar furde han.