ਮਾਰੇ ਸਨ ਸੂਰਮੇ - ਹਰਜਿੰਦਰ ਸਿੰਘ ਗੁਲਪੁਰ
Posted on:- 25-01-2015
ਆਉਣ ਵਾਲੀ ਪੀੜੀ ਸਦਾ ਯਾਦ ਰੱਖੁ ਭੂਤਕਾਲ,
ਭਾਜਪਾ ਦੇ ਨਾਲ ਯਾਰੀ ਹੁੰਦੀ ਸੀ ਅਕਾਲੀਆਂ ਦੀ
ਕਮਲ ਦੇ ਫੁੱਲ ਪਹਿਲਾਂ ਤੱਕੜੀ ਚ ਤੁਲਦੇ ਸੀ ,
ਬਾਰ ਅੱਗੇ ਭੀੜ ਲੱਗੀ ਰਹਿੰਦੀ ਸੀ ਸਵਾਲੀਆਂ ਦੀ
ਵਢੀ ਖੋਰੀ ਜਦੋਂ ਬਦਨਾਮ ਹੋ ਜਾਂਦੀ ਸੀ,
ਚਿੰਨ੍ਹ ਬਣ ਜਾਂਦੀ ਸੀ ਉਹ ਲੋਹੜੀਆਂ ਦੀਵਾਲੀਆਂ ਦੀ
ਕਾਤਲਾਂ ਦਾ ਠੱਪਾ ਇੱਕ ਦੂਜੇ ਉੱਤੇ ਲਾਉਂਦੇ ਸੀ,
ਸਤਾ ਲਈ "ਜੋੜੀ" ਜੁੜੀ ਰਹਿੰਦੀ ਸੀ ਮਵਾਲੀਆਂ ਦੀ
ਤੱਕੜੀ ਦੀ "ਬੋਦੀ" ਨਾਲ ਬਝਿਆ ਅਰਥਚਾਰਾ,
ਐਵੇਂ ਅੱਗੇ ਸੁੱਟੀ ਹੈ ਕਹਾਣੀ "ਅਬਦਾਲੀਆਂ" ਦੀ
ਲਹੂ ਵਿਚ ਡੋਬਿਆ ਪੰਜਾਬ ਜਿਹਨਾਂ ਆਸਰੇ,
ਹੁਣ ਤੱਕ ਖਾਂਦੇ ਖੱਟੀ ਉਹਨਾਂ ਹੀ ਦਲਾਲੀਆਂ ਦੀ
ਖਾਕੀ ਵਰਦੀ ਤੋਂ ਬਿਨਾਂ ਗੁੰਡਿਆਂ ਦਾ ਆਸਰਾ ਸੀ,
ਪੇਸ਼ ਨਹੀਂ ਸੀ ਗਈ ਤਾਹੀਂ ਹਾਲੀਆਂ ਤੇ ਪਾਲੀਆਂ ਦੀ
ਫੁੱਲ ਤੋੜਨੇ ਤੋਂ ਜਿਥੇ ਮਨਾਂ ਕੀਤਾ ਡਾਢਿਆਂ ਨੂੰ,
ਲਥੀ ਦਸਤਾਰ ਉਸ ਬਾਗ ਦਿਆਂ ਮਾਲੀਆਂ ਦੀ
ਜਿਹਨਾਂ ਨਾਲ ਬੰਨ ਬੰਨ ਮਾਰੇ ਸਨ ਸੂਰਮੇ,
ਜੜ ਪੱਟੀ ਬਾਦਲਾਂ ਨੇ ਕਿੱਕਰਾਂ ਤੇ ਟਾਹਲੀਆਂ ਦੀ
ਛਤਰੀ ਦੇ ਨਾਲ ਆਗੂ ਚੋਣਾਂ ਚ ਉਤਾਰਦੇ ਸੀ,
ਤੂਤੀ ਫੇਰ ਬੋਲਦੀ ਸੀ ਸਾਲਿਆਂ ਤੇ ਸਾਲੀਆਂ ਦੀ
ਮੁਫਤ ਦੀ ਲੱਕੜੀ ਨਾ ਸੁੱਟੀ ਜਾਵੋ ਧੂਣੀਆਂ ਤੇ,
ਕਰੋ ਰੀਸ ਇੱਕ ਵਾਰੀ ਲਾਲੇ ਅਤੇ ਲਾਲੀਆਂ ਦੀ
ਸੰਪਰਕ: 0061 469 976214