ਜਸਬੀਰ ਕੌਰ ਦੀਆਂ ਕੁਝ ਕਵਿਤਾਵਾਂ
Posted on:- 28-08-2012
ਧੀ
ਕੁੱਖ ਦੇ ਪੰਘੂੜੇ ਤੋਂ -
ਜੀਵਨ ਦੀ ਸਤਰੰਗੀ ਪੀਂਘ ਵਿੱਚ ਉੱਤਰਦੀ
ਪੈਰ ਮਾਰਦੀ
ਸੁਆਲ ਪੁੱਛਦੀ
ਹੱਸਦੀ, ਖੇਡਦੀ
ਤਿਲਕਦੀ, ਤਿੜਕਦੀ
ਧੀ ਦੇ ਇੱਕ-ਇੱਕ ਕਦਮ ‘ਤੇ
ਤ੍ਰਬਕਦੇ, ਤ੍ਰਹਿੰਦੇ ਦਿਮਾਗ਼ ‘ਚ
ਫਿਰ ਜਾਂਦਾ ਇੱਕ ਸੁਹਾਗ
ਪਾਰਾ ਬਣ ਕਹਿੰਦਾ
‘ਬੀਬੀ ਚੰਨਣ ਦੇ ਓਹਲੇ ਕਦੀ ਨਾ ਖੜੋਵੀਂ'
ਚੰਨਣ ਦਾ ਓਹਲਾ
ਖ਼ੁਸ਼ਬੂਆਂ ਦੀ ਸ਼ਾਹਦੀ ਭਰਦਾ
ਸੁਫ਼ਨਾ ਸਿਰਜਦਾ
ਚੰਨਾਂ ‘ਚੋਂ ਚੰਨ ਦਾ
ਕਾਨ੍ਹਾਂ ‘ਚੋਂ ਕਾਨ੍ਹ ਦਾ
ਚਿਰਾਂ ਤੋਂ ਸੁਹਾਗ ਦੀ ਇਹ ਸੁਰ
ਠੱਗਦੀ, ਡੱਸਦੀ
ਓਹਲੇ ਦਾ ਭਰਮ ਸਿਰਜਦੀ
ਨਵੀਂ ਆਸ ਦਾ
ਚੰਨ ਵਰਗੇ ਸੁਹਾਗ ਦਾ
ਅਸਲ ‘ਚ ਇਹੋ ਜਿਹਾ ਕੁਝ ਵੀ ਨਹੀਂ
‘ਬੀਬੀ ਚੰਨਣ ਦੇ ਓਹਲੇ ਕਦੀ ਨਾ ਖੜੋਵੀਂ'
ਡਰ ਲਗਦੈ -
ਹਰ ਖ਼ੂਬਸੂਰਤੀ ਨਾਲ ਲਿਪਟੀ ਬੱਜ ਤੋਂ
ਹਰ ਸੁਗੰਧ ਪਿਛੇ ਲੁਕੀ ਬਦਬੂ ਤੋਂ
ਚੰਦਨ ਨਾਲ ਸੱਪਾਂ ਦੀ ਦੋਸਤੀ ਤੋਂ
ਸੁਣਦੇ ਸੀ -
ਔਰਤ ਜਦ, ਜਣਨੀ ਬਣ
ਜੀਵਨ ਅਟੇਰਦੀ ਏ...
ਕੁਦਰਤ ਦਾ ਸ਼ਾਹਕਾਰ ਘੜਦੀ
ਰੱਬ ਨਜ਼ਰ ਆਉਂਦੀ
ਅੰਦਰਲਾ ਚਾਅ ਫੁੱਟ-ਫੁੱਟ ਪੈਂਦਾ
ਰੂਪ ਬਣ ਖਿੜਦਾ,
ਮਨੁੱਖੀ ਭਵਿੱਖ ਨੂੰ ਕੁੱਖ ਦੇ ਪਹਿਰੇ ਰੱਖ ‘ਚ
ਜ਼ਿੰਮੇਵਾਰ ਬਣ ਜਾਂਦੀ
ਬਾਲ ਦੀ ਇੱਕ-ਇੱਕ ਹਰਕਤ ਨਾਲ
ਪਰ...
ਕੁੱਖ ‘ਚ ਤੇਰੀ ਹਲਚਲ ਹੁੰਦੀ
ਮੇਰੀ ਧੀ ਅਹਿਸਾਸ ਕਰਾਉਂਦੀ
ਆਪਣੀ ਹੋਂਦ ਦਾ
ਪਰੇਸ਼ਾਨ ਹੋ ਜਾਂਦੀ ਮੈਂ
ਖੁੱਸ ਨਾ ਜਾਏ ਮੈਥੋਂ
ਪੁੱਤਰ ਦੇ ਰੁੱਖ ਦੀ ਖਾਦ ਬਣ
ਧੀਏ ਮੈਂ ਖ਼ੁਦ -
ਚੰਦਨ ਨਾਲ ਲਿਪਟੇ ਸੱਪਾਂ ਤੋਂ ਤ੍ਰਹਿੰਦੀ
ਵਰ੍ਹਿਆਂ ਤੋਂ ਲੀਕ ਪਾਰ ਖੜ੍ਹੀ
ਲਭ ਰਹੀ ਸਾਂ
ਮਾਂ ‘ਤੇ ਲਿਖੀ ਜਿਸ ਕਵਿਤਾ ਨੂੰ
ਲੀਕ ਤੋਂ ਉਰ੍ਹਾਂ
ਕਸਤੂਰੀ ਦੀ ਲੀਕ ਬਣ ਉਤਰਦੀ ਨੂੰ
ਅਲਟ੍ਰਾਸਾਊਂਡ ਦਾ ਡਰਨਾਉਡਾ ਦਿੰਦਾ
ਚੋਗ ਚੁਗਣ ਤੋਂ ਪਹਿਲਾਂ ਹੀ ਉਹ
ਫੁਰ ਹੋ ਜਾਂਦੀ
ਚਿੜੀਆਂ ਦੇ ਚੰਬੇ ਲਈ
ਬਾਬਲ ਦਾ ਵਿਹੜਾ
ਚੰਨਣ ਦਾ ਓਹਲਾ ਬਣਨ ਤੋਂ ਪਹਿਲਾਂ ਹੀ
ਵਹਿ ਜਾਂਦਾ
ਕੁੱਖ ਦੇ ਪੰਘੂੜੇ ਚੋਂ
ਖ਼ੂਨ ਤੇ ਅੱਥਰੂਆਂ ਨਾਲ।
ਕੁੱਖ ‘ਚੋਂ ਸਾਲਮ ਸਬੂਤੀ ਨਿਕਲੀ ਮੇਰੀ ਹੋਂਦ
ਮਾਸੂਮੀਅਤ, ਪਿਆਰ, ਜੀਵਨ ਅਕਾਰ
ਕਦੀ ਖਚਰੀਆਂ ਅੱਖਾਂ
ਆਪਣਿਆਂ(?) ਦੀ ਹਵਸ ਦੀ ਛਾਂ ਵਿੱਚ
ਜੀਵਨ ਸੱਚ/ਸਾਜ਼ਿਸ਼ ਦੇ ਰੂਬਰੂ
ਦਿਨ ਵਰਗੇ ਕੌੜੇ ਸੱਚ
ਰਾਤ ਵਰਗੇ ਕਾਲੇ ਹਨੇਰੇ
ਜਾਗਦੀਆਂ ਅੱਖਾਂ ਨਾਲ ਸੌਂਦੀ ਮੈਂ
ਉਸਦੇ ਖ਼ੰਭ ਦੀ ਪਰਵਾਜ਼ ਨੂੰ ਜੁੰਬਸ਼ ਦੇਂਦੀ
ਡਰਦੀ, ਵਾਰ-ਵਾਰ ਰੋਕਦੀ
ਹਰ ਵਾਰ ਹੋੜਦੀ
ਆਪਣੇ ਆਪ ਨੂੰ
ਲਗਦਾ - ਜੋ ਨਹੀਂ ਸੀ ਚਾਹੁੰਦੀ
ਉਸੇ ਲਈ ਬੇਬਸ, ਕਹਿੰਦੀ
ਧੀਏ ਚੰਨਣ ਦੇ ਓਹਲੇ ਤੋਂ ਬੱਚ ਕੇ ਨਿਕਲ...।
***
ਔਰਤ (ਉਰਵਸ਼ੀ)
ਉਜਾੜ, ਬੀਆਬਾਨ ਜੰਗਲ
ਜਿਸਮ ਦੀ ਤੜਪ
ਪੈਰਾਂ ਦੀ ਗਤੀ
ਪੈਰਾਂ ‘ਚ ਘੁੰਗਰੂਆਂ ਦੀ ਬੇਚੈਨੀ
ਰੋਹ ਨਾਲ ਕਪੜੇ ਛਿਟਕਦੇ ਹੱਥ
ਬੰਦ ਅੱਖਾਂ ‘ਚੋਂ ਪਸੀਨਾ ਬਣ ਨਿਕਲਦਾ ਪਾਣੀ
ਨਰਤਕੀ ਦੀ ਤਾਂਡਵ ਸਮਾਧੀ ‘ਤੇ
ਚੇਤੰਨ ਹੋਇਆ ਜੜ੍ਹ ਤਪੋਵਨ
ਮਦਹੋਸ਼ ਨੀਂਦ ‘ਚ ਗੁਆਚਣ ਹੀ ਲਗਦੈ
ਕਿ ਨਿਢਾਲ ਹੋ ਜਾਂਦੀ ਹੈ
ਧੁਰੇ ‘ਤੇ ਘੁੰਮ ਰਹੀ ਔਰਤ
ਅਵਾਜ਼ ਮਖੌਲ ਕਰਦੀ ਹੈ -
‘ਕੁਝ ਹੋਰ ਵੀ ਹੈ, ਤਾਂ ਲਾਹ ਦੇ
ਤੇਰੇ ਜਿਸਮ ਦੇ ਅੰਦਰ ਦਾ ਸੱਚ
ਵਿਖਾਈ ਨਹੀਂ ਦਿਤਾ ਹਾਲੀਂ।'
ਕੁੰਜ ਲਾਹੁਣ ਦੀ ਕੋਸ਼ਿਸ਼ ਕਰ ਰਹੀ ਸੱਪਣੀ
ਰੋਹ ਨਾਲ ਛਿਟਕਦੀ ਹੈ - ਆਪਣੀ ਕੁੰਜ
ਅਣਜਾਣੇ ਵਾਰ ਦੀ ਤੜਪ ‘ਤੇ
ਨਵੀਂ ਲਿਸ਼ਕ ਰਹੀ ਦੇਹ
ਨਜ਼ਰਾਂ ਨਾਲ ਜਾਂਚਦੀ ਹੈ - ਆਪਣੀ ਉਤਰਨ
ਸਿਰ ਤੋਂ ਪੈਰਾਂ ਤਕ ਦੇ ਸਫ਼ਰ ‘ਚ
ਘ੍ਰਿਣਾ ਵੀ ਮੱਚਦੀ ਹੈ ਤੇ ਤਲਖ਼ ਵੀ
ਪੀੜ ਦਾ ਜ਼ਖ਼ਮ
ਬੇਬਸੀ ਦੀ ਲਾਸ
ਉਦਾਸੀ ਦੀ ਝੁੰਬ...
ਉਹ ਭੁੱਲ ਜਾਣਾ ਚਾਹੁੰਦੀ ਏ
ਕੁੰਜ ‘ਤੇ ਲਿਖੀ ਹਰ ਇਬਾਰਤ
ਝੁੰਜਲਾਹਟ - ਅਪਮਾਨ - ਬੇਚੈਨੀ
ਤੇਜ਼ਾਬ ਵਾਂਗ ਫਿਰ ਜਾਂਦੇ ਪਰ
ਜ਼ਿਹਨ ਦੇ ਆਰ-ਪਾਰ
ਅਵਾਜ਼ ਫਿਰ ਪੁਚਕਾਰਦੀ ਹੈ -
ਆਖ਼ਿਰ ਔਰਤ ਹੀ ਤਾਂ ਹੈ ਤੂੰ
ਤਾਂ ਹੀ ਚੁੱਪ ਹੈਂ -
ਸ਼ਾਇਦ ਸ਼ਰਮੋ-ਹਯਾ ਦੇ ਜ਼ੇਵਰਾਂ ਕਾਰਣ
ਜਾਂ ਮਮਤਾ ਦਾ ਸੋਮਾ ਜਾਗਿਐ
ਨਰਤਕੀ! ਤੂੰ ਔਰਤ ਹੀ ਤਾਂ ਹੈਂ
ਅਸੀਲ, ਗਊ, ਧਰਤੀ, ਸ਼ਿੰਗਾਰ ਤਕ।
ਸੱਪਣੀ ਵਿੱਸ ਨਹੀਂ ਘੋਲਦੀ ਇਸ ਵਾਰ
ਤੜਪਦੀ ਨਹੀਂ ਔਰਤ ਵੀ
ਹੱਸ ਪੈਂਦੀ ਹੈ
ਤਨਜ਼ ਦੇ ਘੁੰਗਰੂ
ਉਦਾਸ ਅੱਥਰੂਆਂ ਦੀ ਸਰਸਰਾਹਟ
ਪੈਰਾਂ ‘ਚ ਉਗਿਆ ਜ਼ਖ਼ਮ
ਠੰਡਾ ਯੱਖ ਹਉਕਾ ਬਣ ਕਹਿੰਦਾ ਹੈ
ਬੇਵਕੂਫ਼ ਏ .... ਸ਼ਾਇਦ ਨਾਦਾਨ
ਪੀੜ ਦੀ ਲਹਿਰ ਫ਼ੁਫ਼ਕਾਰਦੀ
ਨਾਦਾਨ ਨਹੀਂ ... ਮੱਕਾਰ ਹੈ ਇਹ
ਇਹ - ਜੋ ਤੈਨੂੰ ਲਫ਼ਜ਼ਾਂ ਦੇ ਗਹਿਣੇ ਚੜ੍ਹਾ ਰਿਹੈ
ਇਹ - ਜੋ ਤੈਨੂੰ ਦੇਵੀ ਕਹਿ ਸਮਖਰੀ ਕਰਦੈ
ਅਵਾਜ਼ ਫਿਰ ਗੁਨਗੁਨਾਉਂਦੀ ਹੈ
ਦੇਵੀ - ਤੂੰ ਜਗਤ ਜਨਨੀ ਹੈਂ
ਦੇਵੀ - ਤੂੰ ਦੁਸ਼ਟ ਸੰਘਾਰਨੀ ਹੈਂ
ਦੇਵੀ - ਤੂੰ ਮਹਿਜ਼ ਔਰਤ ਨਹੀਂ, ਸ਼ਕਤੀ ਹੈਂ
ਦੇਵੀ - ਤੂੰ ਧੰਨ ਹੈਂ
ਤੇ ਮੈਂ ਤੇਰਾ ਭਗਤ
ਤੇਰੀ ਦਿਆ ਕਰੁਣਾ ਦਾ ਪਾਤਰ
ਪਰ ਤੇਰੀ ਰਾਖੀ ਹੋ ਸਕਦੀ ਹੈ
ਸਿਰਫ਼ ਮੇਰੇ ਬਾਹੂਬਲ ਨਾਲ।
ਹੱਸ ਪੈਂਦੀ ਹੈ ਔਰਤ
ਬਿਨਾ ਸ਼ਰਮੋ-ਹਯਾ ਦੇ ਪਰਦੇ ਦੇ
ਅੱਟਹਾਸ ਲਗਾਉਂਦੀ ਹੈ ਔਰਤ -
ਮਮਤਾ ਤੇ ਮਿਠਾਸ ਵਿਹੂਣੇ ਬੋਲਾਂ ਨਾਲ
ਵੈਣ ਪਾਉਂਦੀ ਹੈ ਔਰਤ -
ਬਿਜਲੀ ਵਾਂਗ ਕੜਕ ਫ਼ੁਫ਼ਕਾਰਦੀ ਹੈ - ਸੱਪਣੀ
ਖ਼ਾਮੋਸ਼ - ਚੁੱਪ ਹੋ ਆਦਮ!
ਤੂੰ ਕਿਥੋਂ ਦਾ ਮੁਨਸਫ਼
ਤੇ ਮੈਂ ਕਦੋਂ ਸਵਾਲੀ
ਤੇਰੇ ਸ਼ਿਲਾਲੇਖ ‘ਤੇ ਲਿਖੀ ਇਬਾਰਤ ਦੇ
ਹਰੇਕ ਲਫ਼ਜ਼ ਤੋਂ ਆਕੀ ਹਾਂ ਮੈਂ
ਲਫ਼ਜ਼ਾਂ ਦੀ ਜੁਗਾਲੀ ਦੀ ਹੁੰਮਸ
ਮਰਦਾਨਗੀ ਦੀ ਹਉਂ ਦੀ ਦਲਦਲ
ਬੰਨ ਨਹੀਂ ਸਕਦੀ ਹੁਣ ਮੈਨੂੰ
ਆਦਮ - ਤੇਰੇ ਅਹੰਮ ਰੋਗ-ਕੀਟ ਦਾ ਤੋੜ
ਲੱਭ ਹੀ ਲਵਾਂਗੀ ਮੈਂ
ਜੇ ਸੁਣਨਾ ਹੀ ਚਾਹੁੰਦੈ, ਤਾਂ
ਇਹ ਸੱਚ ਵੀ ਸੁਣ -
ਮੇਰਾ ਨਿਰਤ - ਤੇਰੇ ਅਨੰਦ ਲਈ ਨਹੀਂ
ਮੇਰਾ ਨਿਰਤ - ਮੇਰੀ ਖ਼ੁਦ ਲਈ ਭਾਲ ਸੀ
ਮੇਰਾ ਨਿਰਤ - ਮੇਰਾ ਰੋਹ ਸੀ
ਮੇਰੀ ਨਫ਼ਰਤ ਸੀ
ਤੇ ਹੁਣ ਇਹ ਮੇਰੀ ਤਾਕਤ ਹੈ।
ਨਰਤਕੀ ਉਦਾਸ ਹੈ
ਖ਼ੁਦ ਦੀ ਭਾਲ ਦੇ ਸਫ਼ਰ ‘ਚ
ਗੁਆ ਚੁੱਕੀ ਹੈ -
ਹਾਸਾ, ਖ਼ੁਸ਼ੀ, ਚੰਚਲਤਾ, ਮਾਸੂਮੀਅਤ
ਰਹਿੰਦੀ ਖੂੰਹਦੀ ਹੋਂਦ ਤੋਂ ਵੀ ਬਿਗਾਨੀ
ਬਹੁਤ ਸ਼ਾਂਤ ਹੈ ਔਰਤ
ਮੌਸਮ ‘ਚ ਸਦਮਾ ਹੈ - ਤੂਫ਼ਾਨ ਹੈ
ਸੁਆਲਾਂ ਦਾ ਜੰਗਲ ਡਰਾਉਂਦੈ
ਹਰ ਖ਼ਾਸੋ-ਆਮ ਨੂੰ
ਦੇਵ ਪੁੱਛਦੇ ਹਾਲ -
ਮੁੜ ਜਾਂਦੇ ਨਿਰਾਸ
ਦੇਵਰਾਜ ਦੇ ਦਰਬਾਰ ‘ਚ
ਗੁੰਮ-ਸੁੰਮ ਅਪਸਰਾਂ
ਵਹਿ ਰਹੀ ਹੈ ਆਪਣੀ ਹੀ ਸੋਚ ‘ਚ
ਡੁੱਬ ਰਹੀ ਹੈ - ਡੁੱਬਦੀ ਹੀ ਜਾਂਦੀ ਹੈ।
ਸੁਆਲਾਂ ਨਾਲ ਸ਼ੂਕਦੀ ਨਦੀ ‘ਚ
ਇਕ ਹੱਥ ਉਲਰਦੈ -
ਅਪਸਰਾ ਹੱਥ ਫੜ ਮੇਰਾ
ਮੈਂ - ਬਿਧ ਮਾਤਾ
ਤੇਰੀ ਤਕਦੀਰ - ਇੰਜ ਮਰਨਾ ਨਹੀਂ
ਤੇਰੇ ਮੱਥੇ ‘ਚ ਸੂਰਜ ਨੇ
ਤੇਰੀ ਤਕਦੀਰ ‘ਚ ਜੀਣਾ ਲਿਖਿਐ
ਪੂਰੀ ਦੀ ਪੂਰੀ ਸੁਆਲ ਬਣੀ ਅਪਸਰਾ
ਸੋਚਾਂ ਦੇ ਹੜ੍ਹ
ਸਿਰ ‘ਚੋਂ ਛੰਡਦਿਆਂ ਲੇਰ ਮਾਰਦੀ ਹੈ
ਮੇਰੇ ਪੈਰਾਂ ‘ਚ ਨਾਸੂਰ ਨੇ
ਕੁੜੀਆਂ ਦੇ ਕਬਰਿਸਤਾਨ ਦੀ ਤਿੱਖੀ ਘਾਹ ਦੇ
ਮੇਰੇ ਹੱਥਾਂ ਦਾ ਕਾਂਬਾ ਮਹਿਸੂਸ ਰਿਹੈ ਹਾਲੀਂ ਵੀ
ਹਰ ਧੜਕਣ ਦੀ ਕੁੱਖ ਨੂੰ
ਕ‘ਚ ਬਦਲਦਿਆਂ
ਬਿਧ ਮਾਤਾ !!
ਤੇਰੀ ਲਿਖੀ ਇਬਾਰਤ ਨੂੰ ਪੜ੍ਹੇ ਬਗ਼ੈਰ
ਤੇਰੇ ਬੱਚੇ -
ਨਵੀਂ ਜੰਮੀ ਨੂੰ ਗੁੜ੍ਹਤੀ ‘ਚ ਲੂਣ ਦਿੰਦੇ
ਰਹਿਣ ਨੂੰ ਜ਼ਮੀਨ ਥੱਲੇ ਦੀ ਗਾਗਰ
ਜੰਮਣ ਤੋਂ ਪਹਿਲਾਂ ਹ. ਅਲਟ੍ਰਾਸਾਊਂਡ
ਜ਼ਿੰਮੇਵਾਰੀ ਦਿੰਦੇ - ਵੀਰ ਨੂੰ ਭੇਜਣ ਦੀ
ਗਿਆਨ - ਵਿਗਿਆਨ ਦੀ ਧਰਤੀ ‘ਤੇ।
ਕੁੜੀ ਦਾ ਆਖ਼ਰੀ ਹਟਕੋਰਾ
ਸਾਹਾਂ ‘ਚੋਂ ਖ਼ਤਮ ਹੁੰਦੀ ਆੱਕਸੀਜਨ
ਡਰਨਾ ਬਣ ਉਭਰਦੀ ਹੈ
ਤੇਰੀਆਂ ਵਾਹੀਆਂ ਲੀਕਾਂ ‘ਤੇ
ਮਾਂ ਦਾ ਜ਼ਹਿਰ ਹੁੰਦਾ ਦੁੱਧ ਉਡੀਕਦੈ
ਮੁੰਡੇ ਦੀ ਕਿਲਕਾਰੀ
ਬਿੱਧ ਮਾਤਾ, ਤੇਰੀ ਤਕਦੀਰ
ਕਾਤਲ ਬਣਾ ਰਹੀ ਹੈ, ਮਾਵਾਂ ਨੂੰ ਵੀ
ਸਿਸਟਮ ਦੇ ਹੱਥਾਂ ਦੀ ਡੋਰ ‘ਚ
ਮਨੁੱਖ - ਰੱਬ ਨੂੰ ਕੰਨਿਆ, ਦਾਨ ਦੇ
ਸਵਰਗ ਬਣਾਈ ਰਖਦੈ ਘਰ
ਬਿੱਧ ਮਾਤਾ -
ਆਪਣੇ ਹੱਥਾਂ ਨਾਲ ਮੈਨੂੰ ਨਹੀਂ
ਅਲੂੰਈਆਂ, ਮਾਸੂਮ,
ਬਾਲੜੀਆਂ ਫੜਨ ਦੀ ਕੋਸ਼ਿਸ਼ ਕਰ।
***
ਅਪਸਰਾ, ਡੁਬਦੀ ਤੈਰਦੀ ਜਾਂਦੀ ਏ
ਸੋਚਾਂ ਦਾ ਸਮੁੰਦਰ ਹੋਰ ਗੰਭੀਰ ਹੋ ਜਾਂਦੈ
ਮੌਤ ‘ਤੇ ਹੱਥ ਇਸ਼ਾਰਾ ਕਰਦੈ -
ਬਹਿ - ਜ਼ਰਾ ਰੁੱਕ, ਅਰਾਮ ਕਰ ਲੈ
ਮੈਂ ਤੈਥੋਂ ਕੁਝ ਪੁੱਛਣੈ -
ਲਪੇਟੀ ਜਾਂਦੀ ਹੈ ਅਪਸਰਾ
ਸੋਚਾਂ ਦਾ ਭੰਵਰ ‘ਚ
ਹੱਥ ਦੀ ਝੁੰਜਲਾਹਟ
ਛਾਤੀ ਦਾ ਜੰਮਿਆ ਦੁੱਧ
ਤਰਲਾ ਪਾਉਂਦੈ ਫਿਰ ਕਿਸੇ ਪੁੱਛ ਲਈ
ਲਾਵੇ ਵਾਂਗ ਫੁੱਟਦੀ ਹੈ ਅਪਸਰਾ
ਕਿਸ ਦਾ ਹਾਲ ਪੁੱਛਣਾ ਚਾਹੁੰਦੀ ਹੈ -
ਮਾਤ ਲੋਕ ਦੀ ਉਸ ਨਿਕੀ ਅੰਵਾਣੀ ਬਾਲੜੀ ਦਾ
ਤਿਆਗ ਆਈ ਸੈਂ, ਜਿਸ ਨੂੰ
ਵਰਤੇ ਜਾਣ ਤੋਂ ਪਿਛੋਂ
ਆਪਣੇ ਅੰਗਾਂ ‘ਚੋਂ ਨਿਕਲੀ ਮੈਲ ਵਾਂਗ
ਸਵਰਗ ਦੀਆਂ ਠੰਡੀਆਂ ਹਵਾਵਾਂ ਨਾਲ ਖੇਡਦਿਆਂ -
ਰਾਸ ਰੱਗ ਤੇ ਖ਼ੁਸ਼ਬੋਆਂ ‘ਚ ਲੋਟਦਿਆਂ
ਮਾਤ ਲੋਕ ਦੀ ਰੇਤ ਦੇ ਉਸ ਕਣ ਨਾਲ
ਹੁਣ ਕਾਹਦਾ ਮੋਹ -
ਜੇ ਹਿੰਮਤ ਹੈ, ਤਾਂ ਸੁਣ -
ਅਜਕਲ ਫ਼ੈਸ਼ਨ ਵੀ ਹੈ
ਤੇ ਅਖ਼ਬਾਰਾਂ ਦੀ ਸੁਰਖੀ ਵੀ -
ਨਿੱਕੀ ਬੱਚੀ ਦਾ ਰੇਪ -
ਉਸਦੇ ਆਪਣਿਆਂ ਦੇ ਹੱਥੋਂ
ਬੋਝ ਬਣ ਝੁਲਸਦੈ ਬਚਪਨ
ਸਾਲ-ਦਰ-ਸਾਲ
ਆਦਮ ਦੀ ਹਵਸ ਦੀ ਭੱਠੀ ਵਿਚ
ਮੁੰਡੇ ਤੇ ਕੁੜੀ ਦੇ ਫ਼ਰਕ ਨੂੰ ਸਮਝਣ ਤੋਂ ਪਹਿਲਾਂ ਹੀ
ਬੱਚੀ ਬਣ ਜਾਂਦੀ ਹੈ ਔਰਤ
ਤੇ ਫਿਰ ਬਾਂਝ....।
ਬਚਪਨ ਤੇ ਬਾਂਝ ਦਾ ਸੁਮੇਲ ਵੀ ਮੈਂ ਵੇਖ ਆਈ ਹਾਂ।
ਤੂੰ ਭਲਾ ਕਿਸ ਭਰੋਸੇ ਛੱਡ ਆਈ ਸੈਂ
ਆਪਣੀ ਨਵ-ਜੰਮੀ ਮਾਸੂਮ ਕੂੰਜ
ਓਥੇ ਤਾਂ ਮਾਵਾਂ ਵੀ ਗੂੰਗੀਆਂ - ਬੇਵਸ ਨੇ
ਤਮਾਸ਼ਬੀਨ ਬਣਨ ਲਈ ਮਜਬੂਰ
ਪਿਤਾ ਦਾ ਪੁਤਰੀ ਨਾਲ ਜਬਰ
ਰਿਸ਼ਤਿਆਂ ਦੀ ਓਟ ‘ਚ
ਹਵਸ ਦੀ ਇਕ-ਪਾਸੜ ਖੇਡ
ਕੋਈ ਦਾਦ ਨਹੀਂ - ਫਰਿਆਦ ਨਹੀਂ
ਤੇ ਫਿਰ ਸਬੂਤ ਵੀ ਦੇਣਾ ਪੈਂਦੈ
ਬੱਚੀ ਨੂੰ ਆਪਣੇ ਫ਼ਟੇ ਹੋਏ ਜਿਸਮ ਦਾ
ਤੇਰੀ - ਸ਼ਕੁੰਤਲਾ ਦੀ ਜੁਆਨੀ ਦਾ ਲਾਜ-ਮੋਤੀ
ਸਿਰਫ਼ ਮੁਥਾਜ ਸੀ
ਦੁਸ਼ਿਅੰਤ ਦੀ ਮੁੰਦਰੀ ਦਾ
ਪਰ ਹੁਣ ਚੱਕਲੇ ‘ਤੇ ਬਿਠਾ ਦਿੰਦੇ ਨੇ
ਕਾਨੂੰਨ ਦੀ ਦੇਵੀ ਨੂੰ
ਉਸਦੇ ਹੀ ਤਰਾਜ਼ੂ ਥੱਲੇ ਚਿਪਕੇ -
ਨੱਗ ਤੇ ਕਾਗ਼ਜ਼
ਬਾਲ-ਰੇਪ ਦਾ ਮਾਹਿਰ
ਫਿਰ ਮੈਦਾਨ ‘ਚ ਨਿਤਰ ਆਉਂਦੈ
ਕੱਛਾਂ ਵਜਾਉਂਦਾ - ਮੁੱਛਾ ਮਰੋੜਦਾ
ਡੱਡਾ ਖਾਣ ਲਈ
ਹੁਣ ਉਸਨੂੰ ਬਗ਼ਲੇ ਦਾ ਕਾਸਟਯੂਮ ਵੀ ਨਹੀਂ ਚਾਹੀਦਾ
ਜੇ ਲੱਭਣਾ ਹੀ ਚਾਹੁੰਦੀ ਹੈ
ਆਪਣੀ ਬੱਚੀ ਦੀ ਭੋਲੀ ਤੁਤਲਾਹਟ
ਤਾਂ ਮੇਨਕਾ ਬਣ ਫਿਰ ਧਰਤੀ ‘ਤੇ ਉਤਰ
ਭੰਗ ਕਰ -
ਮਾਸੂਮ ਬੱਚੀਆਂ ਦੇ ਬਚਪਨ ਦੀ ਬਲੀ ਵਾਲਾ
ਆਦਮ ਦੇ ਜਾਇਆਂ ਦਾ ਹਵਸ ਯੱਗ।
ਸੰਪਰਕ: 078278 87827