ਪਰਮਿੰਦਰ ਕੌਰ ਸਵੈਚ ਦੀਆਂ ਦੋ ਕਵਿਤਾਵਾਂ
Posted on:- 21-08-2012
ਲਹਿਰਾਂ
ਮੈਂ ਖਿੜਕੀ ਵਿੱਚ ਬੈਠੀ
ਤੱਕਦੀ ਹਾਂ ਵਿਸ਼ਾਲ ਸਮੁੰਦਰ
ਜਿਸ ਵਿੱਚ ਸਮਾਇਆ ਹੈ ਬਹੁਤ ਕੁਝ
ਸਮੁੰਦਰ ਦੀ ਖੂਬਸੂਰਤੀ
ਮੇਰੀਆਂ ਨਜ਼ਰਾਂ ਵਿੱਚ
ਉਸਦੀਆਂ ਲਹਿਰਾਂ ਹਨ, ਵਲਵਲੇ ਹਨ
ਛੱਲਾਂ ਹਨ, ਤਰੰਗਾਂ ਹਨ
ਮਸਤੀ ਦੇ ਵੇਗ ਵਿੱਚ
ਇੱਕ ਰਫਤਾਰ ਨਾਲ
ਉਹ
ਇੱਕ ਦੂਜੇ ‘ਚ ਮੋਢੇ ਮਾਰਦੀਆਂ
ਹੱਸਦੀਆਂ, ਖੇਡਦੀਆਂ
ਰਮਜ਼ਾਂ ਛੇੜਦੀਆਂ
ਵਲ਼ੇਵੇਂ ਖਾਂਦੀਆਂ
ਜੋ ਸੱਪਾਂ ਵਾਂਗ ਮੇਲ੍ਹਦੀਆਂ
ਉਤਸੁਕ ਹਨ ਇਹ ਲਹਿਰਾਂ
ਇੱਕ ਦੂਜੇ ਤੋਂ ਅੱਗੇ ਜਾਣ ਲਈ
ਆਪਸ ਵਿੱਚ ਸਮਾ ਜਾਣ ਲਈ
ਵਗਾਹ ਮਾਰਦੀਆਂ ਹਨ
ਕੂੜਾ ਕਰਕਟ
ਕੰਢਿਆਂ ’ਤੇ, ਦੂਰ ਪਰੇ
ਰਹਿਣਾ ਚਾਹੁੰਦੀਆਂ ਹਨ
ਸਵੱਛ, ਨਿਰਮਲ ਤੇ ਸਾਫ਼
ਜੂਝਦੀਆਂ ਹਨ
ਤੂਫ਼ਾਨਾਂ ਨਾਲ, ਭੂਚਾਲਾਂ ਨਾਲ
ਦਿੰਦੀਆਂ ਹਨ ਸੁਨੇਹਾ
ਲੋਕ ਲਹਿਰਾਂ ਨੂੰ
ਇੱਕ ਮਿੱਕ ਹੋਣ ਦਾ
ਛੋਟੀ ਤੋਂ ਵੱਡੀ ਬਣ ਜਾਣ ਦਾ
ਗੰਦ ਨੂੰ ਹੂੰਝਣ ਦਾ
ਟਿਕਾਣੇ ਲਗਾਉਣ ਦਾ
ਏਕਤਾ ਦਾ ਸਬੂਤ
ਤਾਂ ਹੀ ਤਾਂ
ਉਠਦੀ ਹੈ ਪਰਬਲ ਇੱਛਾ
ਮੇਰੇ ਮਨ ਵਿੱਚ
ਇੱਕ ਲਹਿਰ ਬਣ ਜਾਣ ਦੀ
ਮਨੁੱਖਤਾ ਵਿੱਚ ਸਮਾ ਜਾਣ ਦੀ।
ਆਸ਼ੀਰਵਾਦ
ਜ਼ਿੰਦਗੀ ਦੇ ਸਫ਼ਰ ਵਿੱਚ
ਤੁਰ ਤਾਂ ਪਈ ਏਂ ਮੇਰੀ ਬੱਚੀਏ
ਜਾਣਦੀ ਹਾਂ
ਇਹਨਾਂ ਰਾਹਾਂ ਤੇ ਤੁਰਿਆਂ ਬਗੈਰ
ਮੁੱਕਣਾ ਨਹੀਂ ਲੰਮੇ ਪੰਧ ਨੇ
ਮਾਂ ਦੀ ਮਮਤਾ ਕੰਬਦੀ ਹੈ
ਦਹਿਲਦੀ ਹੈ ਕਿਉਂਕਿ
ਮੈਂ ਦੇਖੇ ਹਨ
ਰਾਹਾਂ ਵਿੱਚ ਡੂੰਘੇ ਖੱਡੇ
ਖੱਡਿਆਂ ਵਿੱਚ ਫਣ ਫੈਲਾਈ ਅਜਗਰ
ਜੋ ਬੈਠੇ ਹਨ ਡੰਗਣ ਦੀ ਤਾਕ ਵਿੱਚ
ਉਹ ਛਲੀਏ
ਮਿੱਠੇ ਮਿੱਠੇ ਬੋਲਾਂ
ਲਲਚਾਈਆਂ ਨਜ਼ਰਾਂ ਨਾਲ
ਉਡੀਕਦੇ ਹਨ ਅਣਭੋਲ ਅੱਲੜਾਂ
ਫਸ ਜਾਣ ਜੋ ਸ਼ਿਕਾਰੀ ਜਾਲ਼ ਵਿੱਚ।
ਖੜ੍ਹੇ ਹਨ ਕੰਧਾਂ ਦੇ ਓਹਲੇ
ਜ਼ਹਿਰਾਂ ਦੇ ਵਿਉਪਾਰੀ
ਜੋ ਖੇਡਦੇ ਹਨ
ਭਰ ਜੁਆਨੀਆਂ ਨਾਲ
ਟਕਿਆਂ ਦੀ ਖੇਡ
ਧੀਏ ਦਿਸਣਗੇ ਹਰ ਮੋੜ ਉ¥ਤੇ
ਸੁੰਦਰਤਾ ਦੇ ਸ਼ਹਿਨਸ਼ਾਹ
ਰਚਾਉਂਦੇ ਹਨ ਡਰਾਮੇ
ਮੁਕਾਬਲਾ ਸੁੰਦਰਤਾ ਦਾ
ਫਿਰ ਛਲੀਏ ਬਣ
ਬਣਾਉਂਦੇ ਹਨ
ਜਿਊਂਦੀਆਂ ਜਾਗਦੀਆਂ ਡੰਮੀਆਂ
ਜਾਂ ਕਾਠ ਦੀਆਂ ਗੁੱਡੀਆਂ
ਜਿਨ੍ਹਾਂ ਦੇ ਸਾਹ ਸੂਤ ਕੇ
ਖੜ੍ਹਾ ਸਕਣ ਸ਼ੀਸ਼ਿਆਂ ਦੇ ਪਿੱਛੇ
ਦੇ ਸਕਣ ਸੋਨੇ ਦੇ ਪਿੰਜਰੇ ਦੀ ਕੈਦ।
ਮੇਰੀ ਬੱਚੀਏ
ਤੇਰੇ ਚੰਚਲ ਮਨ ਦੀ ਉਡਾਰੀ ਨੂੰ ਦੇਖ
ਸੋਚਦੀ ਹਾਂ ਤੈਨੂੰ ਕਹਾਂ
ਪੈਰ ਪੈਰ ਤੇ ਬਿੱਖੜੇ ਪੈਂਡੇ
ਸਰ ਕਰਨ ਲਈ
ਕੁੱਝ ਕਹਿਣ ਲਈ, ਸਹਿਣ ਲਈ
ਉ¥ਠਣ ਲਈ, ਬੈਠਣ ਲਈ
ਸੋਚਣ ਲਈ, ਵਿਚਾਰਨ ਲਈ,
ਦੇਵੀਂ ਨਾ ਬੁਝਣ
ਸੂਝ ਦਾ ਦੀਵਾ
ਘੁੱਟ ਕੇ ਫੜ੍ਹੀਂ
ਵਿਸ਼ਵਾਸ ਤੇ ਤਰਕ ਦਾ ਪੱਲਾ
ਮੇਰੀ ਬੱਚੀਏ
ਹੋਵੇ ਮੁਬਾਰਕ ਤੈਨੂੰ
ਤੇਰਾ ਪੈਂਡਾ
ਜ਼ਿੰਦਗੀ ਦੇ ਸਫ਼ਰ ਵਿੱਚ।
surinderjit kothala
ashirwad kavita very nice heart touches