ਗ਼ਜ਼ਲ –ਜਸਵੰਤ ਸਿੰਘ
Posted on:- 15-12-2014
ਮਿੱਤਰਾਂ ਪਿਆਰਿਆਂ ਦਾ ਮੰਨਾਂ ਅਹਿਸਾਨ ਮੈਂ
ਕਦੇ ਹੋ ਜਾਂ ਹੰਝੂ ਕਦੇ ਹੋ ਜਾਂ ਮੁਸਕਾਨ ਮੈਂ
ਉਹਨਾਂ ਕੋਲੋਂ ਲੰਘਣ ਹਵਾਵਾਂ ਨਾਲ ਪਿਆਰ ਦੇ
ਜਿਨ੍ਹਾਂ ਵੀ ਦਰਖਤਾਂ ਤੇ ਉੱਕਰੇ ਨਿਸ਼ਾਨ ਮੈਂ
ਕਿੰਝ ਕਰਾਂ ਵਰਨਣ ਤਾਰਿਆਂ ਦਾ ਰੂਪ ਮੈਂ
ਕਾਨਿਆਂ ਦੀ ਛੱਤ ਤੱਕ ਡਿੱਠਾ ਅਸਮਾਨ ਮੈਂ
ਅੱਗ ਵਰੀ ਕਿਧਰੇ ਜੇ ਤੁਸਾਂ ਦੇ ਸਕੂਨ ਤੇ
ਦਵਾਂਗਾ ਦਿਲਾਸਿਆਂ ਦਾ ਯਾਰੋ ਯੋਗਦਾਨ ਮੈਂ
ਕਾਗਜ਼ਾਂ ਦੀ ਹਿੱਕ ਤੇ ਖਿਆਲ ਰਹਿਣ ਰੀਂਗਦੇ
ਕਦੇ ਲਿਖਾਂ ਭੁੱਖ ਕਦੇ ਲਿਖਾਂ ਅਰਮਾਨ ਮੈਂ
ਰਿਸ਼ੀ ਮੁਨੀ ਕਰਦੇ ਵਿਚਾਰਾਂ ਰਹੇ ਮੌਤ ਤੇ
ਪਾਗਲਾਂ ਤੋਂ ਲਿਆ ਸਾਰਾ ਜੀਣ ਦਾ ਗਿਆਨ ਮੈਂ
ਇਹ ਨਾ ਕਹੋ ਖ਼ੁਸ਼ੀਆ ਦੇ ਪਿੱਛੇ ਰਿਹਾ ਨੱਸਦਾ
"ਧਾਪ" ਕੀਤੇ ਹੱਸ ਹੱਸ ਦੁੱਖ ਪਰਵਾਨ ਮੈਂ