ਦਿਲ ਕਰੇ ਤਾਂ ਮਿਲ ਜਾਵੀਂ -ਅਮਰਜੀਤ ਟਾਂਡਾ
Posted on:- 07-12-2014
ਦਿਲ ਕਰੇ ਤਾਂ ਮਿਲ ਜਾਵੀਂ
ਰਾਹ ਲੱਭੇ ਤਾਂ ਰੁਕੀਂ ਨਾ
ਦੇਖੀਂ ਕਿਤੇ
ਕਦਮਾਂ ਚ ਬੇਗੁਨਾਹ ਮਿਲਣ ਨਾ ਮਰ ਜਾਵੇ-
ਅੱਧਮੋਈਆਂ ਯਾਦਾਂ ਦੀਆਂ ਰਹਿ ਗਈਆਂ ਕਿਰਚਾਂ
ਤੀਰਾਂ ਨਾਲੋਂ ਵੀ ਤਿੱਖੀਆਂ ਹੁੰਦੀਆਂ ਨੇ
ਧਰਤੀ ਦਾ ਟੋਟਾ
ਜੋ ਸਾਗਰ ਦੀ ਹਿੱਕ ਚ ਨਹੀਂ ਸੀ ਉਤਰਿਆ
ਕਈ ਆਸਾਂ ਲੈ ਕੇ ਮਰ ਗਿਆ ਸੀ
ਝੱਖੜ ਆ ਜਾਂਦੇ ਨੇ ਝੁੱਗੀਆਂ ਚ
ਜਦ ਕੋਈ ਉਹਨਾਂ ਦੀ ਚੀਸ ਨਹੀਂ ਸੁਣਦਾ
ਕਿਹੜੇ ਕੰਮ ਤੇਰੀ ਮਟਕਦੀ ਟੋਰ
ਧੁਖ਼ਦੇ ਅੰਗਿਆਰ
ਨਾ ਹੀ ਕੋਈ ਚੰਦ ਨਗਮਾਂ ਹੈ -ਤੇਰਾ ਨਖ਼ਰਾ
ਜੋ ਅੱਜ ਤੇਰੇ ਹਿੱਕੀਂ ਫੁੱਲ ਖਿੜ੍ਹੇ ਹਨ
ਕੱਲ ਨੂੰ ਇਹਨਾਂ ਮੁਰਝਾਣਾ ਵੀ ਹੈ-
ਪਲਕਾਂ ਤੇ ਰਹਿ ਗਏ ਸੁਫ਼ਨਿਆਂ ਨੇ
ਖ਼ੁਰਨਾ ਵੀ ਹੈ
ਓਦੋਂ ਕਿਸੇ ਨਹੀਂ ਕਹਿਣਾ ਕਿ
ਦਿਲ ਕਰੇ ਤਾਂ ਮਿਲ ਜਾਵੀਂ
ਰਾਹ ਲੱਭੇ ਤਾਂ ਰੁਕੀਂ ਨਾ